
ਰਾਏਕੋਟ, 12 ਜਨਵਰੀ (ਰਘਵੀਰ ਸਿੰਘ ਜੱਗਾ) : ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਪੂਰੇ ਦੇਸ਼ ਵਿੱਚ ਤਹਿਸੀਲ ਪੱਧਰ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੂਬੇ ਦੀਆਂ ਸਰਕਾਰਾਂ ਨੂੰ ਭੇਜੇ ਕੌਮੀ ਖੇਤੀ ਮੰਡੀਕਰਨ ਦੀਆਂ ਕਾਪੀਆ ਹੋਲੀ ਦਹਨ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਤਹਿਤ ਰਾਏਕੋਟ ਵਿਖੇ ਵੀ ਇਹ ਕਾਪੀਆਂ ਸਾੜੀਆਂ ਜਾਣਗੀਆਂ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਕੇਯੂ ਡਕੌਂਦਾ ਦੇ ਜਿਲ੍ਹਾ ਮੀਤ ਪ੍ਰਧਾਨ ਅਮਨਦੀਪ੍ ਸ਼ਰਮਾਂ ਨੇ ਕੀਤਾ, ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ 11 ਮਹੀਨੇ ਤੋਂ ਚੱਲ ਰਹੇ ਸੰਘਰਸ਼ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਅਮਨਦੀਪ੍ ਸ਼ਰਮਾਂ ਨੇ ਕਿਹਾ ਕਿ ਨਾ ਸਿਰਫ਼ ਮੋਦੀ ਹਕੂਮਤ ਮੰਗਾਂ ਦੀ ਅਣਗੌਲਿਆਂ ਹੀ ਕਰ ਰਹੀ ਹੈ ਸਗੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਰੱਖੇ ਮਰਨ ਵਰਤ ਦੇ 48 ਦਿਨ ਬੀਤ ਜਾਣ ਬਾਅਦ ਵੀ ਕਿਸਾਨੀ ਮੰਗਾਂ ਪ੍ਰਤੀ ਕੋਈ ਠੋਸ ਕਦਮ ਨਹੀਂ ਚੁੱਕ ਰਹੀ। ਇਸ ਗੱਲ ਤੋਂ ਕਿਸਾਨ ਵਿਰੋਧੀ ਰਵਈਆ ਸਪਸ਼ਟ ਨਜ਼ਰ ਆਉਂਦਾ ਹੈ ਕਿ ਮੋਦੀ ਹਕੂਮਤ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਲੱਗੀ ਹੋਈ ਹੈ। ਸੰਕਟ ਮੂੰਹ ਆਈ ਕਿਸਾਨੀ ਨੂੰ ਮੋਦੀ ਹਕੂਮਤ ਵੱਲੋਂ ਵਿਸ਼ਵ ਵਪਾਰ ਸੰਸਥਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਾਗੂ ਕੀਤੀਆਂ ਜਾ ਰਹੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਨੇ ਕਰਜੇ ਦੇ ਸੰਕਟ ਵਿੱਚ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ। ਅਮਨਦੀਪ੍ ਸ਼ਰਮਾਂ ਨੇ ਮੰਗ ਕੀਤੀ ਕਿ 9 ਦਸੰਬਰ 2021 ਨੂੰ ਮੋਦੀ ਹਕੂਮਤ ਵੱਲੋਂ ਐਸਕੇਐਮ ਦੀ ਅਗਵਾਈ ਵਿੱਚ ਚੱਲੇ ਇਤਿਹਾਸਿਕ ਕਿਸਾਨ ਘੋਲ ਸਮੇਂ ਲਿਖਤੀ ਰੂਪ ਵਿੱਚ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ। ਐਮਐਸਪੀ ਦਾ ਕਾਨੂੰਨ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਬਣਾਇਆ ਜਾਵੇ, ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕੀਤਾ ਜਾਵੇ।