- ਐਸ.ਡੀ.ਐਮ ਅਤੇ ਰੇਲਵੇ ਅਧਿਕਾਰੀ ਸਥਾਨ ਤੇ ਜਾ ਕੇ ਹੱਲ ਲੱਭਣ
ਲੁਧਿਆਣਾ, 8 ਅਗਸਤ 2024 : ਲੁਧਿਆਣਾ ਸੈਂਟਰਲ ਤੋਂ ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਰੇਲਵੇ ਅਧਿਕਾਰੀਆਂ ਅਤੇ ਪਰਿਵਾਰਾਂ ਦੇ ਨੁਮਾਇੰਦਿਆਂ ਨਾਲ ਝੁੱਗੀ-ਝੌਂਪੜੀ ਵਾਲੇ 31 ਪਰਿਵਾਰਾਂ ਦੇ ਮੁੜ-ਵਸੇਬੇ ਲਈ ਵਿਚਾਰ-ਵਟਾਂਦਰਾ ਕੀਤਾ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਦੀ ਜ਼ਮੀਨ 'ਤੇ 31 ਸਥਾਈ ਕਬਜ਼ੇ ਹਨ ਜਿੱਥੇ ਉਹ ਲੁਧਿਆਣਾ ਤੋਂ ਕਿਲਾ ਰਾਏਪੁਰ (17.174 ਕਿਲੋਮੀਟਰ) ਤੱਕ ਰੇਲਵੇ ਟ੍ਰੈਕ ਨੂੰ ਦੂਹਰੀ ਕਰਨ ਦੇ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ, ਜਿਸ ਵਿੱਚ 25 ਕੇ.ਵੀ ਹਾਈ ਰਾਈਜ਼ ਰੇਲਵੇ ਇਲੈਕਟ੍ਰੀਫਿਕੇਸ਼ਨ ਅਤੇ ਸਿਗਨਲਿੰਗ ਅਤੇ ਦੂਰ-ਸੰਚਾਰ ਦੇ ਕੰਮ ਸ਼ਾਮਲ ਹਨ। ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਪਰਿਵਾਰਾਂ ਦੇ ਮੁੜ ਵਸੇਬੇ ਲਈ ਜਲਦ ਤੋ ਜਲਦ ਹੱਲ ਲੱਭੇਗਾ। ਵਿਧਾਇਕ ਦੇ ਕਹਿਣ 'ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐਸ.ਡੀ.ਐਮ ਵਿਕਾਸ ਹੀਰਾ, ਐਮ.ਸੀ ਅਤੇ ਰੇਲਵੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਰਿਵਾਰਾਂ ਦੇ ਨੁਮਾਇੰਦਿਆਂ ਨੂੰ ਸਥਾਨ 'ਤੇ ਜਾ ਕੇ ਮਿਲਣ ਤੇ ਕੋਈ ਹੋਰ ਹੱਲ ਲੱਭਿਆ ਜਾ ਸਕਦਾ ਹੈ ਬਾਰੇ ਰਿਪੋਰਟ ਦੇਣ, ਤਾਂ ਜ਼ੋ ਪਰਿਵਾਰਾਂ ਦੇ ਮੁੜ ਵਸੇਬੇ ਦੀ ਲੋੜ ਹੀ ਨਾ ਪਵੇ। ਡੀ.ਸੀ ਸਾਹਨੀ ਨੇ ਇਹ ਵੀ ਭਰੋਸਾ ਦਿਵਾਇਆ ਕਿ ਜੇਕਰ ਕੋਈ ਹੋਰ ਹੱਲ ਨਹੀਂ ਲੱਭਿਆ ਗਿਆ ਤਾਂ ਪਰਿਵਾਰਾਂ ਦੇ ਮੁੜ ਵਸੇਬੇ ਲਈ ਵਧੀਆ ਉਪਰਾਲੇ ਕੀਤੇ ਜਾਣਗੇ।