
ਸ੍ਰੀ ਫਤਿਹਗੜ੍ਹ ਸਾਹਿਬ, 17 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਪੰਜਾਬ ਸਰਕਾਰ ਨੇ ਨਸ਼ਾ ਮੁਕਤ ਪੰਜਾਬ ਦੇ ਉਦੇਸ਼ ਨੂੰ ਪੂਰਾ ਕਰਨ ਲਈ ਐਂਟੀ ਡਰੱਗ ਹੈਲਪ ਲਾਇਨ 9779-100-200 ਅਤੇ ਵਟਸਐਪ ਚੈਟਬੋਟ ਸ਼ੁਰੂ ਕੀਤਾ ਹੈ। ਸਰਕਾਰ ਦੀ ਇਹ ਪਹਿਲ ਆਮ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਅਤੇ ਪੁਲਿਸ ਦੀ ਮਦਦ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ। ਇਸ ਹੈਲਪ ਲਾਇਨ ਤੇ ਚੈਟਬੋਟ ਰਾਹੀਂ ਲੋਕ ਨਸ਼ਿਆਂ ਨਾਲ ਸਬੰਧਤ ਮੁੱਦਿਆਂ ਬਾਰੇ ਪੁਲਿਸ ਨੂੰ ਰਿਪੋਰਟ ਕਰ ਸਕਦੇ ਹਨ। ਕਿਸੇ ਕਿਸਮ ਦੀ ਮਦਦ ਮੰਗ ਸਕਦੇ ਹਨ ਅਤੇ ਇਲਾਜ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਹ ਸੁਵਿਧਾ ਗੁਪਤੱਤਾ (ਪ੍ਰਾਈਵੇਸੀ) ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਗਈ ਹੈ ਤਾਂ ਜੋ ਲੋਕ ਬਿਨਾਂ ਕਿਸੇ ਡਰ ਤੋਂ ਆਪਣੀਆਂ ਸਮੱਸਿਆਵਾਂ ਪੁਲਿਸ ਨਾਲ ਸਾਂਝੀਆਂ ਕਰ ਸਕਣ। ਇਹ ਜਾਣਕਾਰੀ ਡੀਆਈਜੀ ਰੂਪਨਗਰ ਰੇਂਜ ਸ. ਹਰਚਰਨ ਸਿੰਘ ਭੁੱਲਰ ਨੇ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਵਿੱਚ ਆਮ ਲੋਕਾਂ ਦੇ ਸਹਿਯੋਗ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੇ ਮਿਸ਼ਨ ਸੰਪਰਕ ਤਹਿਤ ਸਰਹਿੰਦ ਵਿਖੇ ਕਰਵਾਈ ਪੁਲਿਸ ਪਬਲਿਕ ਮੀਟਿੰਗ ਦੌਰਾਨ ਪਿੰਡਾਂ ਦੇ ਪੰਚ, ਸਰਪੰਚ ਤੇ ਹੋਰ ਮੋਹਤਬਰ ਸਖਸ਼ੀਅਤਾਂ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਹੈਲਪ ਲਾਇਨ ਤੇ ਚੈਟਬੋਟ ਦਾ ਮੁੱਖ ਮੰਤਵ ਨਸ਼ਿਆਂ ਦੀ ਲਾਹਣਤ ਖਿਲਾਫ ਜਾਗਰੂਕਤਾ ਫੈਲਾਉਣਾ ਅਤੇ ਨਸ਼ਿਆਂ ਦੀ ਸਮੱਸਿਆ ਨਾਲ ਪੀੜ੍ਹਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ। ਸ. ਭੁੱਲਰ ਨੇ ਕਿਹਾ ਕਿ ਪੁਲਿਸ ਜਿਥੇ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਸਖਤ ਕਾਰਵਾਈ ਕਰ ਰਹੀ ਹੈ ਉਥੇ ਹੀ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਨੌਜਵਾਨਾਂ ਦਾ ਮੁਫਤ ਇਲਾਜ ਕਰਵਾ ਕੇ ਉਨ੍ਹਾਂ ਨੂੰ ਸਮਾਜ ਅੰਦਰ ਇੱਕ ਚੰਗੇ ਸ਼ਹਿਰੀ ਵਜੋਂ ਜਿੰਦਗੀ ਜਿਉਣ ਦਾ ਮੌਕਾ ਵੀ ਪ੍ਰਦਾਨ ਕਰ ਰਹੀ ਹੈ ਤਾਂ ਜੋ ਸੂਬੇ ਵਿੱਚੋਂ ਨਸ਼ਿਆਂ ਦਾ ਮੁਕੰਮਲ ਤੌਰ ਤੇ ਖਾਤਮਾ ਹੋ ਸਕੇ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਮਿਸ਼ਨ ਸੰਪਰਕ ਅਧੀਨ ਨਸ਼ਿਆਂ ਦੇ ਸੌਦਾਗਰਾਂ ਤੇ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਵਿਅਕਤੀਆਂ ਬਾਰੇ ਬਿਨਾਂ ਕਿਸੇ ਡਰ ਤੋਂ ਪੁਲਿਸ ਨੂੰ ਸੂਚਨਾ ਦੇਣ ਅਤੇ ਪੁਲਿਸ ਵੱਲੋਂ ਉਨ੍ਹਾਂ ਦੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਸੰਪਰਕ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਤੇ ਹੁਣ ਤੱਕ ਪੁਲਿਸ ਨੇ ਨਸ਼ਿਆਂ ਦੇ ਵੱਡੇ ਸੌਦਾਗਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੀਆਂ ਜਾਇਦਾਦਾਂ ਵੀ ਜਬਤ ਕੀਤੀਆਂ ਹਨ। ਸ. ਭੁੱਲਰ ਨੇ ਕਿਹਾ ਕਿ ਸਮਾਜ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਮਾਪਿਆਂ ਦਾ ਸਹਿਯੋਗ ਬਹੁਤ ਜਰੂਰੀ ਹੈ, ਕਿਉਂਕਿ ਅਕਸਰ ਮਾਪੇ ਆਪਣੇ ਬੱਚਿਆਂ ਦੀ ਮਾੜੀ ਆਦਤ ਬਾਰੇ ਲੋਕਾਂ ਨੂੰ ਖੁਲ੍ਹ ਕੇ ਨਹੀਂ ਦੱਸਦੇ। ਜਿਸ ਕਾਰਨ ਬੱਚੇ ਹੋਰ ਵਿਗੜਦੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦੀਆਂ ਮਾੜੀਆਂ ਆਦਤਾਂ ਬਾਰੇ ਖੁਲ੍ਹ ਕੇ ਪੁਲਿਸ ਨਾਲ ਤਾਲਮੇਲ ਕੀਤਾ ਜਾਵੇ ਤਾਂ ਜੋ ਨਸ਼ਿਆਂ ਦਾ ਜੜ੍ਹੋਂ ਖਾਤਮਾ ਕੀਤਾ ਜਾ ਸਕੇ। ਉਨ੍ਹਾਂ ਇਸ ਮੌਕੇ ਸਮੂਹ ਨਾਗਰਿਕਾਂ ਨੂੰ ਇਹ ਵੀ ਕਿਹਾ ਕਿ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਦੀ ਆਗਿਆ ਨਾ ਦਿੱਤੀ ਜਾਵੇ। ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਕਿਹਾ ਕਿ ਮਿਸ਼ਨ ਸੰਪਰਕ ਆਮ ਲੋਕਾਂ ਤੇ ਪੁਲਿਸ ਦੇ ਸਬੰਧਾਂ ਵਿੱਚ ਹੋਰ ਮਜਬੂਤੀ ਲਿਆਉਣ ਲਈ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਆਮ ਨਾਗਰਿਕ ਬਿਨਾਂ ਕਿਸੇ ਡਰ ਤੋਂ ਪੁਲਿਸ ਨੂੰ ਨਸ਼ਿਆਂ ਦੇ ਸੌਦਾਗਰਾਂ ਬਾਰੇ ਸੂਚਨਾ ਦੇ ਸਕਣ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਰੋਕਥਾਮ ਐਕਟ ਅਧੀਨ ਨਸ਼ਿਆਂ ਦਾ ਸੇਵਨ ਕਰਨ ਵਾਲੇ ਵਿਅਕਤੀ ਜੋ ਕਿ ਨਸ਼ਿਆਂ ਦੀ ਘੱਟ ਮਿਕਦਾਰ ਸਮੇਤ ਪੁਲਿਸ ਨੇ ਕਾਬੂ ਕੀਤੇ ਹਨ, ਦਾ ਨਸ਼ਾ ਛੁਡਵਾਉਣ ਤੇ ਉਨ੍ਹਾਂ ਨੂੰ ਕਾਨੂੰਨੀ ਪ੍ਰਕ੍ਰਿਆ ਵਿੱਚੋਂ ਬਾਹਰ ਕੱਢਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਅਤੇ ਇਸ ਐਕਟ ਦੀ ਧਾਰਾ 64-ਏ ਅਧੀਨ ਜ਼ਿਲ੍ਹੇ ਦੇ 07 ਨੌਜਵਾਨਾਂ ਦੇ ਨਸ਼ੇ ਛੁਡਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਐਕਟ ਤਹਿਤ ਨਸ਼ਿਆਂ ਦੀ ਘੱਟ ਮਿਕਦਾਰ ਨਾਲ ਫੜੇ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿੱਚ ਇਹ ਭਰੋਸਾ ਦੇਣਾ ਪੈਂਦਾ ਹੈ ਕਿ ਉਹ ਨਸ਼ੇ ਛੱਡਣ ਲਈ ਤਿਆਰ ਹੈ। ਇਸ ਉਪਰੰਤ ਪੁਲਿਸ ਵੱਲੋਂ ਉਸ ਵਿਅਕਤੀ ਦਾ ਇਲਾਜ ਕਰਵਾ ਕੇ ਉਸ ਨੂੰ ਕਾਨੂੰਨੀ ਪ੍ਰਕ੍ਰਿਆ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਈਬਰ ਕਰਾਇਮ ਤੋਂ ਬਚਣ ਲਈ ਆਪਣਾ ਓ. ਟੀ. ਪੀ. ਕਿਸੇ ਨਾਲ ਸਾਂਝਾ ਨਾ ਕੀਤਾ ਜਾਵੇ ਅਤੇ ਸੜ੍ਹਕੀ ਹਾਦਸਿਆਂ ਤੋਂ ਬਚਾਅ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਨਸ਼ਿਆਂ ਦਾ ਖਾਤਮਾ ਕਰਨ ਲਈ ਲੋਕਾਂ ਦੇ ਸੁਝਾਅ ਸੁਣੇ ਗਏ। ਇਸ ਪੁਲਿਸ ਪਬਲਿਕ ਮੀਟਿੰਗ ਵਿੱਚ ਐਸਪੀ(ਡੀ) ਰਾਕੇਸ਼ ਯਾਦਵ, ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਜ਼ ਸਿੰਘ, ਡੀਐਸਪੀ ਹਰਿਤੇਸ਼ ਕੌਸ਼ਿਕ, ਡੀਐਸਪੀ ਨਿਖਿਲ ਗਰਗ, ਥਾਣਾ ਸਰਹਿੰਦ ਦੇ ਐਸਐਚ ਓ ਸੰਦੀਪ ਸਿੰਘ, ਥਾਣਾ ਮੂਲੇਪੁਰ ਦੇ ਐਸਐਚ ਓ ਰਾਜਵੰਤ ਸਿੰਘ, ਥਾਣਾ ਫਤਿਹਗੜ੍ਹ ਸਾਹਿਬ ਦੇ ਐਸਐਚ ਓ ਮਲਕੀਤ ਸਿੰਘ ਅਤੇ ਪੁਲਿਸ ਚੌਂਕੀ ਸਰਹਿੰਦ ਮੰਡੀ ਦੇ ਇੰਚਾਰਜ ਸੰਜੀਵ ਕੁਮਾਰ ਸਮੇਤ ਪੁਲਿਸ ਮੁਲਾਜ਼ਮ ਤੇ ਵੱਡੀ ਗਿਣਤੀ ਵਿੱਚ ਪਿੰਡਾਂ ਤੇ ਸ਼ਹਿਰਾਂ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ।