- ਨਸ਼ੇ ’ਚ ਗ੍ਰਸਤ ਲੋਕਾਂ ਦਾ ਇਲਾਜ, ਮੁੜ ਵਸੇਬਾ ਵੀ ਸਾਡੀ ਤਰਜੀਹ- ਡਾ ਪੱਲਵੀ
- ਹੁਣ ਤੱਕ ਜ਼ਿਲ੍ਹੇ ਵਿੱਚ 11 ਨਸ਼ਾ ਤਸਕਰਾਂ ਦੀਆਂ 09 ਕਰੋੜ 85 ਲੱਖ 10 ਹਜ਼ਾਰ 242 ਰੁਪਏ ਦੀਆਂ ਜਾਇਦਾਦਾਂ
- ਸਰਕਾਰ ਦੇ ਨਿਯਮਾਂ ਅਨੁਸਾਰ ਜ਼ਬਤ- ਐਸ.ਐਸ.ਪੀ.
ਮਾਲੇਰਕੋਟਲਾ 24 ਜੂਨ 2024 : ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਅਗਵਾਈ ਵਿੱਚ ਜ਼ਿਲ੍ਹੇ ’ਚ ਨਸ਼ਾ ਰੋਕੂ ਗਤੀਵਿਧੀਆਂ ਨਾਲ ਸਬੰਧਤ “ ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ ” ਤਹਿਤ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ । ਮੀਟਿੰਗ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਡਾ ਸਿਮਰਤ ਕੌਰ,ਐਸ.ਡੀ.ਐਮ.ਮਾਲੇਰਕੋਟਲਾ ਸ੍ਰੀਮਤੀ ਅਪਰਨਾ ਐਮ.ਬੀ.,ਐਸ.ਡੀ.ਐਮ. ਅਹਿਮਦਗੜ੍ਹ ਸ੍ਰੀ ਗੁਰਮੀਤ ਕੁਮਾਰ ਬਾਂਸਲ,ਕਪਤਾਨ ਪੁਲਿਸ (ਸਥਾਨਕ) ਸ੍ਰੀਮਤੀ ਸਵਰਨਜੀਤ ਕੌਰ, ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਸ੍ਰੀ ਕਰਮਜੀਤ ਸਿੰਘ, ਡਰੱਗ ਇੰਸਪੈਕਟਰ ਸ੍ਰੀ ਨਵਪ੍ਰੀਤ ਸਿੰਘ,ਡੀ.ਐਮ.ਸੀ. ਡਾ ਰੇਸਮਾ ਭੋਰਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ। ਵੱਖ-ਵੱਖ ਵਿਭਾਗਾਂ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਕੀਤੀ ਜਾ ਰਹੀ ਕਾਰਵਾਈ ਦੀ ਸਮੀਖਿਆ ਕਰਦਿਆਂ ਡਾ ਪੱਲਵੀ ਨੇ ਸਮੂਹ ਭਾਗੀਦਾਰ ਵਿਭਾਗਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕਤਾ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜਾਗਰੂਕਤਾ, ਨਸ਼ਾ ਛੁਡਾਊ ਕੇਂਦਰਾਂ ਤੇ ਪੁਨਰ ਵਸੇਬਾ ਕੇਂਦਰਾਂ ’ਚ ਆਉਂਦੇ ਨਸ਼ਾ ਪੀੜਤਾਂ ਨੂੰ ਇਸ ਬੁਰਾਈ ਤੋਂ ਦ੍ਰਿੜ੍ਹਤਾ ਨਾਲ ਛੁਟਕਾਰਾ ਦਿਵਾਉਣ, ਉਨ੍ਹਾਂ ਦੀ ਉਚਿਤ ਕੌਂਸਲਿੰਗ ਆਦਿ ਜਿਹੇ ਤਰੀਕਿਆਂ ’ਤੇ ਵੀ ਜ਼ੋਰ ਦੇਣ ਦੀ ਲੋੜ ਹੈ । ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜਨਤਕ ਲਾਮਬੰਦੀ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ ਜੋ ਸੂਬੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਵਿੱਚ ਸਹਾਈ ਸਿੱਧ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਡ,ਸਿੱਖਿਆ ਅਤੇ ਸਿਹਤ ਵਿਭਾਗਾਂ ਨੂੰ ਨਸ਼ਾ ਵਿਰੋਧੀ ਮੁਹਿੰਮ 'ਚ ਮੋਹਰੀ ਰੋਲ ਅਦਾ ਕਰਨ ਲਈ ਕਿਹਾ । ਇਹ ਵਿਭਾਗ ਜਮੀਨੀ ਪੱਧਰ ਤੇ ਨਸ਼ਿਆ ਦੀ ਹਰ ਗਤੀਵਿਧੀ ਨੂੰ ਰੋਕਣ ਦੇ ਸਮਰਥ ਹਨ । ਉਨ੍ਹਾਂ ਇਨ੍ਹਾਂ ਵਿਭਾਗਾ ਦੇ ਅਧਿਕਾਰੀਆਂ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਸਕੂਲਾਂ/ਕਾਲਜਾਂ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹਰ ਸੰਭਵ ਉਪਰਾਲੇ ਕਰਨ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਹੋਰ ਕਿਹਾ ਕਿ ਨਸ਼ਾ ਪੀੜਤਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਸਾਡੀ ਤਰਜੀਹ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਸਾਰਥਕ ਉਪਰਾਲੇ ਕਰਨੇ ਚਾਹੀਦੇ ਹਨ । ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਡਿਪਟੀ ਕਮਿਸ਼ਨਰ ਨੇ ਸਿਹਤ ਤੇ ਪੁਲਿਸ ਵਿਭਾਗ ਨੂੰ ਬਿਹਤਰ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਪੁਲਿਸ ਵਿਭਾਗ ਨੂੰ ਨਸ਼ਿਆਂ ਖਿਲਾਫ਼ ਚੌਕਸੀ ਹੋਰ ਵਧਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਨਸ਼ਿਆਂ ਪੱਖੋਂ ਸੰਵੇਦਨਸ਼ੀਲ ਥਾਵਾਂ ’ਤੇ ਲਗਾਤਾਰ ਨਜ਼ਰ ਰੱਖੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਮੈਡੀਕਲ ਸਟੋਰਾਂ ਦੀ ਵੀ ਨਿਯਮਿਤ ਚੈਕਿੰਗ ਦੇ ਨਿਰਦੇਸ਼ ਦਿੱਤੇ । ਪੰਜਾਬ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਨੂੰ ਰੇਖਾਂਕਿਤ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਡਾ ਸਿਮਰਤ ਕੌਰ ਨੇ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ਅਤੇ ਰਣਨੀਤੀ ਬਾਰੇ ਦੱਸਿਆ ਅਤੇ ਕਿਹਾ ਕਿ ਨਸ਼ਿਆਂ ਦੀ ਮੰਗ ਨੂੰ ਰੋਕਣਾ ਸਮੇਂ ਦੀ ਲੋੜ ਹੈ । ਜ਼ਿਲ੍ਹਾ ਪੁਲਿਸ ਵਲੋਂ ਲਗਾਤਾਰ ਨਸ਼ਿਆਂ ਦੀ ਅਲਾਮਤ ਨੂੰ ਜੜ੍ਹ ਤੋਂ ਖਤਮ ਕਰਨ ਲਈ ਨਸ਼ਿਆਂ ਵਿਰੁੱਧ ਵਿੱਢੀ ਵਿਆਪਕ ਮੁਹਿੰਮ ਨੂੰ ਸਫਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ । ਲੋਕਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਦੇ ਸਹਿਯੋਗ ਨਾਲ ਹੀ ਨਸ਼ਿਆਂ ਤੇ ਨਕੇਲ ਕੱਸ ਕੇ ਸਮਾਜ ਵਿੱਚ ਇਹ ਲਾਹਨਤ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਹੁਣ ਤੱਕ ਐਨ.ਡੀ.ਪੀ.ਐਸ. ਐਕਟ ਤਹਿਤ ਮਹੀਨਾ ਜੂਨ ਦੌਰਾਨ 84 ਮੁਕੱਦਮੇ ਦਰਜ ਕਰਕੇ113 ਦੋਸ਼ੀਆਂ ਨੂੰ ਕਰੀਬ 1 ਲੱਖ 16 ਹਜ਼ਾਰ 500 ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਮਰਸੀਅਲ ਮਿਕਦਾਰ ਤਹਿਤ 07 ਕੇਸ ਦਰਜ ਕਰਕੇ 13 ਦੋਸੀਆਂ ਕੋਲੋ 20 ਕਿਲੋਂ ਅਫੀਮ ਜਬਤ ਕੀਤੀ ਹੈ। ਹੁਣ ਤੱਕ ਜ਼ਿਲ੍ਹੇ ਵਿੱਚ 11 ਨਸ਼ਾ ਤਸਕਰਾਂ ਦੀਆਂ 09 ਕਰੋੜ 85 ਲੱਖ 10 ਹਜ਼ਾਰ 750 ਰੁਪਏ ਦੀਆਂ ਜਾਇਦਾਦਾਂ ਸਰਕਾਰ ਦੇ ਨਿਯਮਾਂ ਅਨੁਸਾਰ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ ।