ਮਾਤਾ ਗੁਜਰੀ ਕਾਲਜ ਦੇ ਫੂਡ ਟੈਕਨਾਲੋਜੀ ਵਿਭਾਗ ਵੱਲੋਂ ਭੋਜਨ ਪ੍ਰਦਰਸ਼ਨੀ ਦਾ ਆਯੋਜਨ 

ਸ੍ਰੀ ਫ਼ਤਹਿਗੜ੍ਹ ਸਾਹਿਬ, 03 ਫ਼ਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਮਾਤਾ ਗੁਜਰੀ ਕਾਲਜ ਦੇ ਫੂਡ ਟੈਕਨਾਲੋਜੀ ਵਿਭਾਗ ਵੱਲੋਂ ਭੋਜਨ ਪ੍ਰਦਰਸ਼ਨੀ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵੱਲੋਂ ਅਨਾਜ ਅਤੇ ਬਾਜਰੇ ਤੋਂ ਬਣੇ ਨਵੀਨਤਾਕਾਰੀ ਭੋਜਨ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਕੇ ਗਲੂਟਨ ਅਤੇ ਗਲੂਟਨ-ਮੁਕਤ ਖੁਰਾਕ ਦੀਆਂ ਤਰਜੀਹਾਂ ਨੂੰ ਪੂਰਾ ਕਰਦੇ ਹੋਏ ਪੌਸ਼ਟਿਕ ਅਤੇ ਟਿਕਾਊ ਭੋਜਨ ਵਿਕਲਪਾਂ ਨੂੰ ਉਤਸ਼ਾਹਿਤ ਕਰਨਾ ਸੀ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਫੂਡ ਟੈਕਨਾਲੋਜੀ ਵਿਭਾਗ ਦੇ ਇਸ ਉਸਾਰੂ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਦੀ ਮਹੱਤਤਾ ਅਤੇ ਆਧੁਨਿਕ ਖੁਰਾਕਾਂ ਵਿੱਚ ਰਵਾਇਤੀ ਅਨਾਜ ਦੀ ਭੂਮਿਕਾ 'ਤੇ ਚਾਨਣਾ ਪਾਇਆ। ਫੂਡ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਅਜੈ ਸਿੰਘ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਵੱਲੋਂ ਕਈ ਤਰ੍ਹਾਂ ਦੀਆਂ ਖਾਣ-ਪੀਣ ਦੀਆਂ ਵਸਤੂਆਂ ਪੇਸ਼ ਕੀਤੀਆਂ ਗਈਆਂ ਜਿੱਥੇ ਵਿਦਿਆਰਥੀਆਂ ਨੇ ਫਿੰਗਰ ਮਿੱਲਟ, ਪਰਲ ਮਿੱਲਟ, ਓਟਸ, ਅਮਰੰਥ, ਬਕਵੀਟ ਅਤੇ ਮੂੰਗਫ਼ਲੀ ਦੇ ਖੋਲ ਦੀ ਵਰਤੋਂ ਆਦਿ ਸਬੰਧੀ ਅਹਿਮ ਜਾਣਕਾਰੀ ਪ੍ਰਦਾਨ ਕੀਤੀ। ਇਸ ਪ੍ਰਦਰਸ਼ਨੀ ਮੌਕੇ ਵੱਡੀ ਗਿਣਤੀ ਵਿੱਚ ਫ਼ੈਕਲਟੀ ਮੈਂਬਰ, ਹੋਰ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਸ਼ਾਮਲ ਹੋਏ।