ਲੁਧਿਆਣਾ, 20 ਅਗਸਤ 2024 : ਲੁਧਿਆਣਾ ਦੀ ਪੁਲਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬਦਨਾਮ ਗੈਂਗਸਟਰ ਸਾਗਰ ਨਿਊਟਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਉੱਤਰ ਪ੍ਰਦੇਸ਼ 'ਚ ਹੈ। ਇਸ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਅਤੇ ਸੀਆਈਏ ਦੀ ਟੀਮ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਨਿਊਟਨ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਏ ਦਰਜੇ ਦੇ ਗੈਂਗਸਟਰ ਸਾਗਰ ਨਿਊਟਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਗੈਂਗਸਟਰ ਉੱਤੇ 18 ਤੋਂ ਵੱਧ ਮਾਮਲੇ ਦਰਜ ਹਨ। ਮਾਰਚ ਮਹੀਨੇ ਤੇ ਇਹ ਬੇਲ ਉੱਤੇ ਬਾਹਰ ਆਇਆ ਸੀ। ਲੁਧਿਆਣਾ ਪੁਲਿਸ ਸੀਨੀਅਰ ਅਫਸਰ ਜਸਕਰਨਜੀਤ ਸਿੰਘ ਤੇਜਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਬਿਜਨੋਰ ਤੋਂ ਇਸ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਜਿੱਥੇ ਇਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਲੁਕਿਆ ਹੋਇਆ ਸੀ। ਉਸ ਤੋਂ ਬਾਅਦ ਸੀਨੀਅਰ ਪੁਲਿਸ ਦੇ ਅਫਸਰਾਂ ਵੱਲੋਂ ਟੀਮ ਬਣਾਈ ਗਈ ਜਿਸ ਵਿੱਚ ਕਾਊਂਟਰ ਇੰਟੈਲੀਜਂਸ ਸੈੱਲ ਅਤੇ ਨਾਲ ਲੁਧਿਆਣਾ ਪੁਲਿਸ ਵੱਲੋਂ ਕਾਫੀ ਮਿਹਨਤ ਦੇ ਨਾਲ ਇਸ ਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਹੋਰ ਇਸ ਤੋਂ ਬਰਾਮਦਗੀਆਂ ਕਰ ਰਹੇ ਹਾਂ। ਲੁਧਿਆਣਾ ਦੇ ਦੁਗਰੀ ਇਲਾਕੇ ਦੇ ਵਿੱਚ ਪੈਂਦੇ ਇਲਾਕੇ ਦੇ ਅੰਦਰ ਮੁਲਜ਼ਮਾਂ ਵੱਲੋਂ ਵਾਰਦਾਤ ਕੀਤੀ ਗਈ ਸੀ, ਜਿਸ ਤੋਂ ਬਾਅਦ ਲਗਾਤਾਰ ਲੁਧਿਆਣਾ ਪੁਲਿਸ ਇਸ ਦੀ ਭਾਲ ਕਰ ਰਹੀ ਸੀ। ਜਸਕਿਰਨ ਤੇਜਾ ਨੇ ਕਿਹਾ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜਿਹੜੀਆਂ ਮੁਲਜ਼ਮ ਨੇ ਵਾਰਦਾਤਾਂ ਕੀਤੀਆਂ ਹਨ ਉਹ ਮਲੇਰਕੋਟਲਾ ਦੇ ਇੱਕ ਗੈਂਗਸਟਰ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਇਸ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰ ਰਹੇ ਹਾਂ ਅਤੇ ਫਿਰ ਉਸ ਤੋਂ ਬਾਅਦ ਜੋ ਕੁਝ ਵੀ ਕੁਝ ਵੀ ਖੁਲਾਸੇ ਹੋਣਗੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇੱਕ ਦੋ ਮਾਮਲਿਆਂ ਦੇ ਵਿੱਚ ਇਹ ਭਗੋੜਾ ਕਰਾਰ ਸੀ ਉਸ ਦੀ ਵੀ ਅਸੀਂ ਤਹਿਕੀਕਾਤ ਕਰ ਰਹੇ ਹਾਂ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਧਰਮ ਪਤਨੀ ਪਹਿਲਾਂ ਹੀ ਜੇਲ੍ਹ ਦੇ ਵਿੱਚ ਹੈ। ਸਾਗਰ ਨਿਊਟਰਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ ਸੀ, ਜਿਸ 'ਚ 22 ਜੂਨ ਨੂੰ ਬਜ਼ੁਰਗ ਔਰਤ ਦੇ ਕਤਲ ਦੇ ਮਾਮਲੇ 'ਚ ਗ੍ਰਿਫਤਾਰ ਕੀਤੀ ਗਈ ਉਸ ਦੀ ਪਤਨੀ ਨੂੰ ਪੁਲਿਸ ਨੇ ਰਿਹਾਅ ਕਰਨ 'ਤੇ ਆਤਮ ਸਮਰਪਣ ਕਰਨ ਦੀ ਪੇਸ਼ਕਸ਼ ਕੀਤੀ ਸੀ। ਜਿਸ ਤੋਂ ਬਾਅਦ ਸਾਗਰ ਨਿਊਟਨ ਨੇ ਪੁਲਿਸ ਨੂੰ ਚਿਤਾਵਨੀ ਦਿੱਤੀ ਸੀ। ਗੈਂਗਸਟਰ ਨੇ ਪੁਲਿਸ ਦੀ ਕਾਰਵਾਈ ਦੀ ਨਿੰਦਾ ਕੀਤੀ ਸੀ। ਉਸ ਨੇ ਕਿਹਾ ਸੀ ਕਿ ਜੇਕਰ ਪੁਲਿਸ ਉਸ ਦੀ ਪਤਨੀ ਨੂੰ ਰਿਹਾਅ ਕਰ ਦਿੰਦੀ ਹੈ ਤਾਂ ਉਹ ਆਤਮ ਸਮਰਪਣ ਕਰ ਦੇਵੇਗਾ, ਨਹੀਂ ਤਾਂ ਉਹ ਗੈਂਗਸਟਰ ਬਣ ਕੇ ਆਪਣੀ ਤਾਕਤ ਦਿਖਾ ਦੇਵੇਗਾ। ਦੱਸ ਦਈਏ ਬਦਨਾਮ ਗੈਂਗਸਟਰ ਸਾਗਰ ਨਿਊਟਰਨ ਜ਼ਿਲ੍ਹੇ ਵਿੱਚ ਕਈ ਅਪਰਾਧਿਕ ਗਤੀਵਿਧੀਆਂ ਕਾਰਣ ਪੁਲਿਸ ਨੂੰ ਲੋੜੀਦਾ ਸੀ। ਪਿਛਲੇ ਮਹੀਨੇ, ਜੁਲਾਈ ਵਿੱਚ, ਦੁੱਗਰੀ ਪੁਲਿਸ ਨੇ ਕਰਨੈਲ ਸਿੰਘ ਨਗਰ, ਦੁੱਗਰੀ ਵਿੱਚ ਇੱਕ ਵਿਰੋਧੀ ਦੇ ਮੁੱਖ ਗੇਟ 'ਤੇ ਗੋਲੀ ਚਲਾਉਣ ਲਈ ਗੈਂਗਸਟਰ ਨਿਊਟਨ ਅਤੇ ਉਸਦੇ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਸੀ। ਬਾਅਦ ਵਿੱਚ ਲੁਧਿਆਣਾ ਪੁਲਿਸ ਦੀ ਸੀਆਈਏ ਦੀ ਟੀਮ ਨੇ ਸਾਗਰ ਨਿਊਟਰਨ ਦੇ ਭਰਾ ਸੁਮਿਤ ਕੁਮਾਰ ਉਰਫ ਅਲਟ੍ਰੋਨ ਨੂੰ ਦੋ ਹੋਰ ਮੈਂਬਰਾਂ ਸਮੇਤ ਗ੍ਰਿਫਤਾਰ ਕੀਤਾ ਜਦੋਂ ਉਹ ਲੁੱਟ ਦੀ ਸਾਜ਼ਿਸ਼ ਰਚ ਰਹੇ ਸਨ।