- ਡਿਪਟੀ ਕਮਿਸ਼ਨਰ ਨੇ ਉਮੀਦ ਜਤਾਈ ਕਿ ਗਿਆਨ ਅਤੇ ਸਾਹਿਤ ਦੇ ਭੰਡਾਰ ਨਾਲ ਲੈਸ ਇਹ ਲਾਇਬ੍ਰੇਰੀਆਂ ਵਿਦਿਆਰਥੀਆਂ ਦੇ ਭਵਿੱਖ ਨੂੰ ਤਰਾਸ਼ਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ
ਮਾਲੇਰਕੋਟਲਾ 26 ਜੂਨ 2024 : ਜ਼ਿਲ੍ਹੇ ਦੇ ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨ ਲਈ ਕਰੀਬ 11 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਇੱਕ ਜ਼ਿਲ੍ਹਾ ਪੱਧਰੀ ‘ਤੇ ਅਤੇ 12 ਪਿੰਡਾਂ ‘ਚ ਲਾਇਬਰੇਰੀਆਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕਰੀਬ 07 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਪੱਧਰ ਤੇ ਅਤੇ ਕਰੀਬ 4 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ 12 ਪਿੰਡਾਂ ਵਿੱਚ ਅਤਿ ਆਧੁਨਿਕ ਸਹੂਲਤਾਵਾਂ ਨਾਲ ਲੈਸ ਲਾਇਬ੍ਰੇਰੀਆਂ ਦੀ ਉਸਾਰੀ ਕੀਤੀ ਜਾਵੇਗੀ ਤਾਂ ਜੋ ਨੌਜਵਾਨਾਂ ਵਿੱਚ ਪੜ੍ਹਨ ਦੀ ਰੂਚੀ ਪੈਦਾ ਕਰਕੇ ਸਮੇਂ ਦਾ ਹਾਣੀ ਬਣਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਉਸਾਰੀਆਂ ਜਾ ਰਹੀਆਂ ਲਾਇਬ੍ਰੇਰੀਆਂ ਨੌਜਵਾਨਾਂ ਦੀ ਤਕਦੀਰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ, ਜਿੱਥੋਂ ਪੜ੍ਹ ਕੇ ਨੌਜਵਾਨ ਵੱਡੇ ਅਫ਼ਸਰ, ਸਿਵਲ ਤੇ ਫੌਜ ਦੇ ਅਧਿਕਾਰੀ, ਵਿਗਿਆਨੀ, ਡਾਕਟਰ, ਇੰਜੀਨੀਅਰ, ਸਾਹਿਤਕਾਰ, ਤਕਨੀਕੀ ਮਾਹਰ ਅਤੇ ਹੋਰ ਉੱਚੇ ਅਹੁਦਿਆਂ ‘ਤੇ ਬਿਰਾਜਮਾਨ ਹੋਣਗੇ। ਵਧੀਕ ਡਿਪਟੀ ਕਮਿਸ਼ਨਰ (ਡੀ) ਸ੍ਰੀਮਤੀ ਨਵਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ 12 ਪਿੰਡਾਂ ਮੁਬਾਰਕਪੁਰ ਦਸੁੰਦਾ ਸਿੰਘ ਵਾਲਾ, ਕਲਿਆਣ, ਅਹਿਮਦਪੁਰ, ਆਦਮਪਾਲ, ਸਧੌੜ (ਹਲਕਾ ਮਾਲੇਰਕੋਟਲਾ) ਕੁੱਪ ਕਲਾਂ, ਜੰਡਾਲੀ ਕਲਾ, ਰੁੜਕੀ ਕਲਾਂ, ਕੰਗਣਵਾਲ ਭੜੀ ਮਾਨਸਾ, ਬਨਭੋਰਾ (ਹਲਕਾ ਅਮਰਗੜ੍ਹ) ਵਿਖੇ 35 ਲੱਖ ਰੁਪਏ ਦੀ ਪ੍ਰਤੀ ਲਾਇਬ੍ਰੇਰੀ ਜ਼ਿਸ ਵਿੱਚੋਂ 20 ਲੱਖ ਰੁਪਏ ਦੀ ਰਾਸ਼ੀ ਨਾਲ ਹੋਣ ਵਾਲੀ ਉਸਾਰੀ ਮਗਨਰੇਗਾ ਵਿੱਚੋਂ ਕੀਤੀ ਜਾਵੇਗੀ ਅਤੇ ਬਾਕੀ 15 ਲੱਖ ਰੁਪਏ ਪੰਚਾਇਤ ਗਰਾਟਾਂ ਵਿੱਚੋਂ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵਲੋਂ ਇਨ੍ਹਾਂ ਲਾਇਬ੍ਰੇਰੀਆਂ ਲਈ 64 ਲੱਖ ਰੁਪਏ ਦੀ ਵਿਸ਼ੇਸ ਗਰਾਂਟ ਵੀ ਜਾਰੀ ਕੀਤੀ ਗਈ ਹੈ । ਅਤਿ-ਆਧੁਨਿਕ ਸਹੂਲਤਾਵਾਂ ਨਾਲ ਲੈਸ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਜਿਵੇਂ ਵਾਤਾਅਨਕੂਲ, ਇਨਵਰਟਰ, ਸੀ.ਸੀ.ਟੀ.ਵੀ. ਕੈਮਰੇ, ਵਾਈ-ਫਾਈ, ਪੀਣਯੋਗ ਪਾਣੀ,ਪਖਾਨੇ ਆਦਿ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਕਿਸੇ ਵੀ ਨੌਜਵਾਨ ਵਿਦਿਆਰਥੀ ਨੂੰ ਪੜ੍ਹਨ ਸਮੇਂ ਦਿੱਕਤ ਪੇਸ਼ ਨਾ ਆਵੇ ।