ਸੈਂਟ ਸਹਾਰਾ ਕਾਲਜ ਵਿਖੇ ਹੋਈ ਯੋਗਾ ਡਿਪਲੋਮੇ ਦੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ, 05 ਦਸੰਬਰ 2024 : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਜਿੱਥੇ ਸੀ.ਐਮ. ਦੀ ਯੋਗਸ਼ਾਲਾ ਅਧੀਨ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਉੱਥੇ ਹੀ ਅੱਜ ਗੁਰੂ ਰਵੀਦਾਸ ਆਯੂਰਵੈਦਿਕ ਯੂਨੀਵਰਸਿਟੀ, ਹੁਸ਼ਿਆਰਪੁਰ ਵੱਲੋਂ ਯੋਗਾ ਡਿਪਲੋਮੇ ਦੀ ਸ਼ੁਰੂਆਤ ਸੈਂਟ ਸਹਾਰਾ ਕਾਲਜ ਆਫ਼ ਐਜੂਕੇਸ਼ਨ, ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ, ਇਹ ਜਾਣਕਾਰੀ ਸੀ.ਐਮ. ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੁਆਰਡੀਨੇਟਰ ਸ੍ਰੀ ਸੰਜੇ ਸਿੰਘ ਵੱਲੋਂ ਦਿੱਤੀ ਗਈ। ਉਨ੍ਹਾਂ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਸੈਂਟ ਸਹਾਰਾ ਕਾਲਜ ਆਫ਼ ਐਜੂਕੇਸ਼ਨ ਨੂੰ ਯੋਗਾ ਦੇ ਸੈਟੇਲਾਈਟ ਸੈਂਟਰ ਵੱਲੋਂ ਚੁਣਿਆ ਗਿਆ ਹੈ। ਇਸ ਯੋਗਾ ਡਿਪਲੋਮੇ ਦੇ ਪਹਿਲੇ ਬੈਚ ਦੌਰਾਨ 68 ਬੱਚਿਆਂ ਵੱਲੋਂ ਦਾਖਲਾ ਲਿਆ ਗਿਆ ਹੈ ਅਤੇ ਇਹ ਇੱਕ ਸਾਲ ਦਾ ਕੋਰਸ ਹੈ। ਉਨ੍ਹਾਂ ਦੱਸਿਆ ਕਿ ਗੁਰੂ ਰਵੀਦਾਸ ਆਯੂਰਵੈਦਿਕ ਯੂਨੀਵਰਸਿਟੀ, ਹੁਸ਼ਿਆਰਪੁਰ ਤੋਂ ਰਜਿਸਟਰਾਰ ਡਾ. ਸੰਜੀਵ ਗੋਇਲ ਅਤੇ ਡਾ. ਗਗਨਦੀਪ, ਸੀ.ਐਮ. ਦੀ ਯੋਗਸ਼ਾਲਾ ਦੇ ਮੁੱਖ ਸਲਾਹਕਾਰ ਸ੍ਰੀ ਕੰਮਲੇਸ਼ ਮਿਸ਼ਰਾ ਅਤੇ ਸ੍ਰੀ ਅਮਰੇਸ਼ ਝਾ ਵੱਲੋਂ ਵੀਡੀਓ ਕਾਨਫ਼ਰਿੰਸਿੰਗ ਰਾਹੀਂ ਯੋਗਾ ਡਿਪਲੋਮੇ ਦੀ ਸ਼ੁਰੂਆਤ ਦੌਰਾਨ ਹਾਜ਼ਰ ਵਿਦਿਆਰਥੀਆਂ ਦਾ ਸੁਆਗਤ ਕੀਤਾ। ਜ਼ਿਲ੍ਹਾ ਕੁਆਰਡੀਨੇਟਰ ਅਨੁਸਾਰ ਸੀ.ਐਮ. ਦੀ ਯੋਗਸ਼ਾਲਾ ਅਧੀਨ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਯੋਗਾ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਮੁਹੱਲੇ ਦੇ ਲੋਕ ਆਪਣੇ ਇਲਾਕੇ ਵਿੱਚ ਯੋਗ ਕਲਾਸ ਲਗਵਾਉਣਾ ਚਾਹੁੰਦੇ ਹਨ ਤਾਂ ਉਹ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 76694-00500 ’ਤੇ ਮਿਸ ਕਾਲ ਕਰ ਸਕਦੇ ਹਨ, ਜਿਸ ਅਨੁਸਾਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਘਰ ਦੇ ਨੇੜੇ ਹੀ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਕਰਵਾਈ ਜਾਵੇਗੀ।