ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਨੰਦਪੁਰ ਵਿਖੇ ਸਰ੍ਹੋਂ ਦੀ ਕਾਸ਼ਤ ਸਬੰਧੀ ਸਿਖਲਾਈ ਕੋਰਸ ਲਗਾਇਆ

ਸ੍ਰੀ ਫ਼ਤਹਿਗੜ੍ਹ ਸਾਹਿਬ, 07 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਫਤਹਿਗੜ੍ਹ ਸਾਹਿਬ ਵੱਲੋਂ ਬਲਾਕ ਬਸੀ ਪਠਾਣਾ ਦੇ ਪਿੰਡ ਨੰਦਪੁਰ ਵਿਖੇ ਸਰ੍ਹੋਂ ਦੀਆਂ ਸੁਧਰੀਆਂ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਸਬੰਧੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ  ਕੀਤਾ ਗਿਆ। ਜਿਸ ਵਿੱਚ ਪਿੰਡ ਦੇ ਲਗਭਗ 50 ਕਿਸਾਨਾਂ ਨੇ ਭਾਗ ਲਿਆ। ਇਸ ਸਿਖਲਾਈ ਪ੍ਰੋਗਰਾਮ ਡਾ.ਅਰਵਿੰਦ ਪ੍ਰੀਤ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਦੱਸਿਆ ਕਿ ਹਾੜ੍ਹੀ ਰੁੱਤ ਦੌਰਾਨ ਪੀਲੀ ਕ੍ਰਾਂਤੀ ਭਾਵ ਸਰੋਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਵੱਲੋਂ ਕਿਸਾਨਾਂ ਦੇ ਖੇਤਾਂ ਵਿੱਚ ਗੋਭੀ ਸਰ੍ਹੋਂ ਦੀ ਕਨੋਲਾ ਕਿਸਮ ਜੀ ਐਸ ਸੀ -7 ਦੇ 40 ਪ੍ਰਦਰਸ਼ਨੀ ਪਲਾਟ ਲਗਵਾਏ ਗਏ ਹਨ। ਕਨੋਲਾ ਸਰ੍ਹੋਂ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਕਨੋਲਾ ਕਿਸਮਾਂ ਦੇ ਤੇਲ ਵਿੱਚ ਇਰੁਸਿਕ ਏਸਿਡ 2 ਪ੍ਰਤੀਸ਼ਤ ਤੋਂ ਘੱਟ ਅਤੇ ਖਲ਼ ਵਿੱਚ ਗਲੁਕੋਸਿਨੋਲੇਟਸ ਦੀ ਮਾਤਰਾ 30 ਮਾਈਕਰੋਮੋਲ ਤੋਂ ਘੱਟ ਹੁੰਦੀ ਹੈ। ਇਹਨਾਂ ਗੁਣਾਂ ਕਾਰਨ ਕਨੋਲਾ ਕਿਸਮਾਂ ਦਾ ਤੇਲ ਮਨੁੱਖੀ ਸਿਹਤ ਲਈ ਅਤੇ ਖਲ਼ ਪਸ਼ੂਆਂ ਦੀ ਖੁਰਾਕ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਗੋਭੀ ਸਰੋਂ ਅਤੇ ਰਾਇਆ ਸਰੋਂ ਦੀਆਂ ਕਨੋਲਾ ਗੁਣਾਂ ਵਾਲੀਆਂ ਕੁੱਲ 6 ਕਿਸਮਾਂ/ ਹਾਈਬ੍ਰਿਡ ਸਿਫਾਰਸ਼ ਕੀਤੀਆਂ ਗਈਆਂ ਹਨ। ਉਹਨਾਂ ਕਿਸਾਨਾਂ ਨੂੰ ਗੋਭੀ ਸਰੋਂ ਦੀ ਜੀ ਐਸ ਸੀ 7 ਕਿਸਮ ਦਾ ਤੇਲ ਕਢਵਾ ਕੇ ਘਰੇਲੂ ਵਰਤੋਂ ਕਰਨ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਉਹਨਾਂ ਫ਼ਲਾਂ ਅਤੇ ਸਬਜ਼ੀਆਂ ਵਿੱਚ ਲੋੜ ਅਨੁਸਾਰ ਖੁਰਾਕੀ ਤੱਤਾਂ ਦੇ ਸਪਰੇਅ ਕਰਨ ਅਤੇ ਕਾਸ਼ਤਕਰੀ ਖਰਚੇ ਘਟਾਉਣ ਬਾਰੇ ਵੀ ਦੱਸਿਆ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਸ੍ਰੀਮਤੀ ਰੀਤ ਵਰਮਾ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਨੇ ਸਰ੍ਹੋਂ ਦੀ ਸਫ਼ਲ ਕਾਸ਼ਤ ਸੰਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ। ਉਹਨਾਂ ਨੇ ਸਰੋਂ ਨੂੰ ਬਿਮਾਰੀਆਂ ਅਤੇ ਤੇਲੇ ਦੇ ਹਮਲੇ ਤੋਂ ਬਚਾਅ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਹਨਾਂ ਕਣਕ ਦੀ ਫ਼ਸਲ ਵਿੱਚ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਉਣ ਲਈ ਅਤੇ ਵੱਧ ਝਾੜ ਲੈਣ ਲਈ 2ਫੀਸਦੀ ਪੋਟਾਸ਼ੀਅਮ ਨਾਈਟ੍ਰੇਟ (13:0:45) ਦੀ ਵਰਤੋਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਡਾ.ਜੀ ਪੀ ਐਸ ਸੇਠੀ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਪਸ਼ੂ ਖੁਰਾਕ ਵਿੱਚ ਸਰੋਂ ਦੇ ਤੇਲ ਦੀ ਖਲ ਦੀ ਮਹਤੱਤਾ ਅਤੇ ਪਸ਼ੂਆਂ ਦੀ ਸਾਂਭ- ਸੰਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ। ਪਿੰਡ ਦੇ ਅਗਾਂਹਵਧੂ ਕਿਸਾਨ ਸ. ਅਮਨਦੀਪ ਸਿੰਘ ਨੇ ਕੈਂਪ ਵਿੱਚ ਆਏ ਹੋਏ ਸਮੂਹ ਕਿਸਾਨਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਨਾਲ ਜੁੜ ਕੇ ਵਿਗਿਆਨਕ ਖੇਤੀ ਲਈ ਗਿਆਨ ਪ੍ਰਾਪਤ ਕਰਨ ਅਤੇ ਕਿੱਤਾਮੁਖੀ ਸਿਖਲਾਈ ਕੋਰਸਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਕੈਂਪ ਵਿੱਚ ਸ਼ਾਮਿਲ ਹੋਏ ਕਿਸਾਨ ਵੀਰਾਂ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਦੀ ਦੇਖਭਾਲ ਅਤੇ ਹੋਰ ਖੇਤੀ ਸਮੱਸਿਆਵਾਂ ਸੰਬੰਧੀ ਕਈ ਸਵਾਲ ਕੀਤੇ ਗਏ। ਇਹਨਾਂ ਸਮੱਸਿਆਵਾਂ ਦਾ ਕੇ.ਵੀ.ਕੇ ਮਾਹਿਰਾਂ ਵੱਲੋਂ ਮੌਕੇ 'ਤੇ ਨਿਪਟਾਰਾ ਕੀਤਾ ਗਿਆ।