ਫਾਜ਼ਿਲਕਾ, 16 ਸਤੰਬਰ 2024 : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸਰਕਲ ਘੱਲੂ ਦੇ ਏ ਡੀ ਓ ਸੌਰਵ ਸੰਧਾ ਅਤੇ ਏ ਐਸ ਆਈ ਅਰਮਾਨ ਦੀਪ ਸਿੰਘ ਵੱਲੋਂ ਪਿੰਡ ਖੁਈਖੇੜਾ ਵਿੱਚ ਕੈਂਪ ਲਗਾਇਆ ਗਿਆ। ਕੈਂਪ ਵਿੱਚ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਵੱਖ ਵੱਖ ਮਸ਼ੀਨਾਂ ਦੀ ਸੁਚੱਜੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ। ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਨਾਲ ਮਿੱਟੀ, ਵਾਤਾਵਰਨ ਨੂੰ ਹੋ ਰਹੇ ਨੁਕਸਾਨ ਅਤੇ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਨਾਲ ਹੋਣ ਵਾਲੇ ਫਾਇਦੇ ਬਾਰੇ ਜਾਣੂ ਕਰਵਾਇਆ। ਇਸਦੇ ਨਾਲ ਹੀ ਨਰਮੇ ਵਿੱਚ ਖਾਦ ਪ੍ਰਬੰਧਨ, ਨਰਮੇ ਵਿੱਚ ਚਿੱਟੀ ਮੱਖੀ, ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਕੀੜੇਮਾਰ ਦਵਾਈਆਂ ਬਾਰੇ ਅਤੇ ਝੋਨੇ ਦੇ ਕੀਟ, ਬਿਮਾਰੀਆਂ ਸਬੰਧੀ ਅਤੇ ਉਨ੍ਹਾਂ ਨੂੰ ਰੋਕਣ ਲਈ ਪੈਸਟੀਸਾਇਡ ਸਬੰਧੀ ਜਾਗਰੂਕ ਕੀਤਾ। ਕੈਂਪ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਬੰਦ ਕਰਕੇ ਹੀ ਸਾਡੇ ਆਉਣ ਵਾਲੇ ਭਵਿੱਖ ਨੌਜਵਾਨ ਪੀੜ੍ਹੀ ਨੂੰ ਬਿਮਾਰੀਆਂ ਮੁਕਤ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੇ ਯੋਗ ਪ੍ਰਬੰਧਨ ਦੇ ਅਨੇਕਾ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨ ਵੀਰ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦਾ ਯੋਗ ਵਿਧੀ ਰਾਹੀਂ ਨਿਬੇੜਾ ਕਰਨ।