ਫ਼ਾਜ਼ਿਲਕਾ 28 ਜੂਨ 2024 : ਸਿਹਤ ਵਿਭਾਗ ਵੱਲੋਂ ਦਸਤ ਰੋਕੂ ਮੁਹਿੰਮ ਸਬੰਧੀ ਇੱਕ ਅਹਿਮ ਬੈਠਕ ਵਧੀਕ ਡਿਪਟੀ ਕਮਿਸ਼ਨਰ (ਜਨ.) ਸ੍ਰੀ. ਰਾਕੇਸ਼ ਕੁਮਾਰ ਪੋਪਲੀ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤਹਿਤ ਜ਼ਿਲ੍ਹੇ ਵਿੱਚ ਇਹ ਮੁਹਿੰਮ 01 ਜੁਲਾਈ ਤੋਂ 31 ਅਗਸਤ 2024 ਤੱਕ ਚਲਾਈ ਜਾ ਰਹੀ ਹੈ, ਜਿਸ ਦਾ ਮੁੱਖ ਮਕਸਦ ਦਸਤ (ਡਾਇਰੀਆ) ਨਾਲ ਹੋਣ ਵਾਲੀਆਂ ਬਾਲ ਮੌਤਾਂ ਨੂੰ ਘੱਟ ਕਰਨਾ ਹੈ। ਇਸ ਉਪਰੰਤ ਉਨ੍ਹਾਂ ਇੱਕ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਤੇ ਬੱਚਿਆਂ ਦਾ ਭਵਿੱਖ ਤਾਂ ਹੀ ਉੱਜਵਲ ਹੋਵੇਗਾ ਜੇਕਰ ਉਹ ਤੰਦਰੁਸਤ ਹੋਣਗੇ। ਉਨ੍ਹਾਂ ਦੱਸਿਆ ਕਿ ਗਰਮੀਆਂ ਦੇ ਮੌਸਮ ਦੌਰਾਨ ਬਜ਼ੁਰਗਾਂ ਅਤੇ ਖਾਸ ਕਰ ਛੋਟੇ ਬੱਚਿਆਂ ਨੂੰ ਉਲਟੀਆਂ ਅਤੇ ਦਸਤ ਲੱਗ ਜਾਂਦੇ ਹਨ, ਜਿਸ ਦੇ ਲਈ ਸਾਵਧਾਨੀਆਂ ਵਰਤਣੀਆਂ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਜ਼ਿਲ੍ਹੇ ਅੰਦਰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਬੰਧਿਤ ਵਿਭਾਗਾਂ ਦਾ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ। ਜ਼ਿਲ੍ਹਾ ਪਾਰਿਵਾਰ ਭਲਾਈ ਅਫਸਰ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਿੱਖਿਆ ਵਿਭਾਗ ਅਤੇ ਜਲਸਰੋਤ ਵਿਭਾਗ ਦੇ ਸਹਿਯੋਗ ਨਾਲ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ “ ਦਸਤਾਂ ਦੀ ਰੋਕਥਾਮ , ਸਫਾਈ ਅਤੇ ਓ.ਆਰ.ਐਸ. ਨਾਲ ਰੱਖੋ ਆਪਣਾ ਖਿਆਲ” ਸਲੋਗਨ ਤਹਿਤ ਚਲਾਈ ਜਾਵੇਗੀ । ਉਨ੍ਹਾਂ ਦੱਸਿਆ ਕਿ ਗਰਮੀਆਂ ਦੇ ਮੌਸਮ ਵਿੱਚ ਸਾਫ਼ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ, ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਦਸਤ ਹੋਣ ਦੀ ਸੂਰਤ ਵਿੱਚ ਓ.ਆਰ.ਐਸ.ਦਾ ਘੋਲ ਅਤੇ ਜਿੰਕ ਦੀਆਂ ਗੋਲੀਆਂ ਡਾਕਟਰ ਦੀ ਸਲਾਹ ਨਾਲ ਲੈਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਰੀਰ ਵਿੱਚ ਪਾਣੀ ਅਤੇ ਖਣਿਜ ਪਦਾਰਥਾਂ ਦੀ ਕਮੀ ਨਾ ਹੋ ਸਕੇ। ਕਾਰਜਕਾਰੀ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਏਰਿਕ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਦਸਤ ਰੋਗ ਨਾਲ ਹੋਣ ਵਾਲੀਆਂ ਮੌਤਾ ਦੀ ਗਿਣਤੀ ਨੂੰ ਜੀਰੋ ਤੇ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਸੰਸਾਰ ਵਿਚ ਹਰ ਸਾਲ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀਆਂ ਦੋ ਲੱਖ ਮੌਤਾਂ ਕੇਵਲ ਦਸਤ ਰੋਗ ਕਾਰਨ ਹੀ ਹੁੰਦੀਆਂ ਹਨ, ਜਿਨਾਂ ਵਿਚੋਂ ਇਕ ਲੱਖ ਮੌਤਾਂ ਕੇਵਲ ਭਾਰਤ ਵਿੱਚ ਹੀ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ 5 ਸਾਲ ਤੋਂ ਛੋਟੇ ਇੱਕ ਲੱਖ 50 ਹਜ਼ਾਰ ਬੱਚਿਆਂ ਨੂੰ ਓ ਆਰ ਐਸ ਪੈਕਟ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਵਲੋਂ ਮੁਫਤ ਵੰਡੇ ਜਾਣਗੇ ਅਤੇ ਦਸਤ ਹੋਣ ਦੀ ਹਾਲਤ ਵਿਚ ਜਿੰਕ ਦੀਆਂ ਗੋਲੀਆਂ ਮੁਫਤ ਦਿੱਤੀਆਂ ਜਾਣਗੀਆਂ। ਜ਼ਿਲ੍ਹਾ ਮਾਸ ਮੀਡੀਆ ਅਫਸਰ ਦਿਵੇਸ਼ ਕੁਮਾਰ ਅਤੇ ਵਿਨੋਦ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਦਸਤ ਰੋਕੂ ਮੁਹਿੰਮ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੰਚਾਰ ਦੇ ਵੱਖ ਵੱਖ ਸਾਧਨਾਂ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਆਮ ਲੋਕਾਂ ਤੱਕ ਇਸ “ਦਸਤ ਰੋਕੂ ਮੁਹਿੰਮ”ਦੀ ਮਹੱਤਤਾ ਸੰਬੰਧੀ ਸੰਦੇਸ਼ ਘਰ ਘਰ ਤੱਕ ਪਹੁੰਚ ਸਕੇ । ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਪੰਕਜ ਅੰਗੀ, ਐੱਸ ਐਮ ਓ ਅਬੋਹਰ ਡਾ. ਨੀਰਜਾ ਗੁਪਤਾ, ਜ਼ਿਲ੍ਹਾ ਟੀਬੀ ਅਫਸਰ ਡਾ. ਨੀਲੂ ਚੁੱਘ, ਸੀਤੋ ਗੁਨੋ ਤੋ ਡਾ. ਨਵੀਨ ਮਿੱਤਲ, ਖੂਈਖੇੜਾ ਤੋ ਡਾ.ਵਿਕਾਸ ਗਾਂਧੀ ਅਤੇ ਧਰਮਿੰਦਰ ਸਿੰਘ ਆਦਿ ਹਾਜਰ ਸਨ।