
ਮੌੜ ਮੰਡੀ, 23 ਫਰਵਰੀ 2024 : ਬਠਿੰਂਡਾ ਦੇ ਮੌੜ ਮੰਡੀ ‘ਚ ਨਵੀਂ ਸੋਚ ਨਵਾਂ ਪੰਜਾਬ ਦੇ ਬੈਨਰ ਹੇਠ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ‘ਚ ਕਿਸਾਨ ਪੁੱਜੇ। ਇਸ ਮੌਕੇ ਕਿਸਾਨਾਂ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮਾਲਵੇ ਦੇ ਕਿਸਾਨਾਂ ਲਈ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਮਾਲਵੇ ਦੇ ਕਿਸਾਨਾਂ ਨੂੰ ਦੋ ਸਾਲ ਲਈ ਐਮਐਸਪੀ ਦੇਣ ਦਾ ਐਲਾਨ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਦੀ ਨਰਮਾ ਪੱਟੀ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿੱਤੀ। ਮਾਤਰ ਦੋ ਪ੍ਰਤੀਸ਼ਤ ਕਿਸਾਨਾਂ ਵੱਲੋਂ ਨਰਮੇ ਦੀ ਫਸਲ ਭੇਜੀ ਜਾ ਰਹੀ ਹੈ ਅਤੇ ਝੋਨੇ ਹੇਠ ਰਕਬਾ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਧਰਤੀ ਹੇਠਲਾ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ, ਜੋ ਕਿ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ। ਉਹਨਾਂ ਮਾਲਵੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਡੀ ਪੱਧਰ ਉੱਤੇ ਮੱਕੀ ਦੀ ਫਸਲ ਲਾਉਣ ਅਤੇ ਉਹ ਇਹ ਮੱਕੀ ਦੀ ਫਸਲ ਦੋ ਸਾਲ ਲਈ ਐਮਐਸਪੀ ਦੇ ਭਾਅ ਤੇ ਖਰੀਦਣਗੇ। ਉਹਨਾਂ ਕਿਹਾ ਕਿ ਵੈਸੇ ਐਮਐਸਪੀ ਦੇਣਾ ਸਰਕਾਰਾਂ ਦਾ ਕੰਮ ਹੈ ਪਰ ਉਹ ਇੱਕ ਕਾਰੋਬਾਰੀ ਵੀ ਹਨ। ਪੰਜਾਬ ਦੇ ਕਿਸਾਨਾਂ ਦਾ ਦਰਦ ਸਮਝਦੇ ਹੋਏ, ਉਹਨਾਂ ਵੱਲੋਂ ਜੋ ਪੰਜਾਬ ਦੀ ਡੁੱਬ ਰਹੀ ਕਿਸਾਨੀ ਨੂੰ ਮੁੜ ਪ੍ਰਫੁੱਲਿਤ ਕਰਨ ਲਈ ਕਿਸਾਨਾਂ ਨੂੰ ਅਜਿਹੀਆਂ ਫਸਲਾਂ ਬੀਜਣ ਲਈ ਪ੍ਰੇਰਿਤ ਕਰ ਰਹੇ ਹਨ, ਜਿਨਾਂ ਦੀ ਕਾਰਪੋਰੇਟ ਸੈਕਟਰ ਦੇ ਵਿੱਚ ਵੱਡੀ ਲੋੜ ਹੈ। ਉਹਨਾਂ ਕਿਹਾ ਕਿ ਮਾਲਵਾ ਖੇਤਰ ਵਿੱਚ ਜਿੰਨੇ ਵੀ ਕਿਸਾਨ ਮੱਕੀ ਦੀ ਫਸਲ ਬੀਜਣਗੇ, ਉਹ ਦੋ ਸਾਲ ਲਈ ਐਮਐਸਪੀ ਤੇ ਖਰੀਦਣਗੇ। ਉਹਨਾਂ ਦੀਆਂ ਟੀਮਾਂ ਮਾਲਵੇ ਵਿੱਚ ਕੰਮ ਕਰ ਰਹੀਆਂ ਹਨ ਤਾਂ ਜੋ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਮੱਕੀ ਦੀ ਫਸਲ ਲਾਉਣ ਨਾਲ ਸਰਕਾਰ ਦੀ ਬਿਜਲੀ ਦੀ ਬੱਚਤ ਹੁੰਦੀ ਹੈ, ਸੋ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਤੀ ਏਕੜ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪੰਜਾਬ ਸਰਕਾਰ ਅਤੇ 15000 ਕੇਂਦਰ ਸਰਕਾਰ ਕਿਸਾਨਾਂ ਨੂੰ ਦੇਵੇ।