ਮੋਹਾਲੀ : ਸਰਕਾਰੀ ਸਿਹਤ ਸੰਸਥਾਵਾਂ ਦੀ ਕਾਰਜਪ੍ਰਣਾਲੀ ’ਚ ਹੋਰ ਸੁਧਾਰ ਲਿਆਉਣ ਦੇ ਮੰਤਵ ਨਾਲ ਸਿਹਤ ਤੇ ਪਰਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾ ਮਾਜਰਾ ਨੇ ਅੱਜ ਦੁਪਹਿਰ ਸਥਾਨਕ ਜ਼ਿਲ੍ਹਾ ਹਸਪਤਾਲ ਦਾ ਦੌਰਾ ਕੀਤਾ ਅਤੇ ਸਿਹਤ ਸਹੂਲਤਾਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਿਹਤ ਮੰਤਰੀ ਨੇ ਮਰੀਜ਼ਾਂ ਨੂੰ ਮੁਫ਼ਤ ਦਿਤੀਆਂ ਜਾਣ ਵਾਲੀਆਂ ਦਵਾਈਆਂ, ਮੈਡੀਕਲ ਸਾਜ਼ੋ-ਸਮਾਨ ਦੀ ਉਪਲਭਧਤਾ ਬਾਰੇ ਜਾਣਕਾਰੀ ਲਈ ਅਤੇ ਵੱਖ-ਵੱਖ ਕਮਰਿਆਂ ਵਿਚ ਜਾ ਕੇ ਨਿਰੀਖਣ ਕੀਤਾ। ਉਨ੍ਹਾਂ ਮਰੀਜ਼ਾਂ ਦੀ ਆਮਦ ਅਤੇ ਸਿਹਤ ਸਟਾਫ਼ ਬਾਰੇ ਵੀ ਜਾਣਿਆl ਉਨ੍ਹਾਂ ਐਮਰਜੈਂਸੀ ਤੇ ਜੱਚਾ-ਬੱਚਾ ਵਾਰਡਾਂ ਵਿਚ ਜਾ ਕੇ ਉਥੇ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਜਲਦ ਹੱਲ ਦਾ ਭਰੋਸਾ ਦਿਤਾ, ਜੌੜਾ ਮਾਜਰਾ ਨੇ ਡਾਕਟਰਾਂ ਸਮੇਤ ਸਮੁੱਚੇ ਸਟਾਫ਼ ਨੂੰ ਹਦਾਇਤ ਕੀਤੀ ਕਿ ਐਮਰਜੈਂਸੀ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਪੂਰੀ ਤਰਜੀਹ ਦਿਤੀ ਜਾਵੇ ਅਤੇ ਉਨ੍ਹਾਂ ਦੀ ਜਾਂਚ ਤੇ ਇਲਾਜ ਤੁਰੰਤ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਰਚੀ ਬਣਾਉਣ ਸਮੇਤ ਬਾਕੀ ਕਾਗ਼ਜ਼ੀ ਕਾਰਵਾਈ ਬਾਅਦ ਵਿਚ ਵੀ ਮੁਕੰਮਲ ਕੀਤੀ ਜਾ ਸਕਦੀ ਹੈ ਪਰ ਪਹਿਲੀ ਕੰਮ ਮਰੀਜ਼ ਨੂੰ ਸੰਭਾਲਣਾ ਅਤੇ ਇਲਾਜ ਸ਼ੁਰੂ ਕਰਨਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਲਿਆਉਣ ਲਈ ਕਹਿਣ ਦੀ ਬਜਾਏ ਹਸਪਤਾਲ ਵਿਚ ਹੀ ਉਪਲਭਧ ਦਵਾਈਆਂ ਦਿਤੀਆਂ ਜਾਣ। ਉਨ੍ਹਾਂ ਵਾਰਡਾਂ, ਪਖਾਨਿਆਂ ਅਤੇ ਵਿਹੜੇ ਵਿਚ ਸਾਫ਼-ਸਫ਼ਾਈ ਵਲ ਹੋਰ ਧਿਆਨ ਦੇਣ ਦੀ ਲੋੜ ’ਤੇ ਵੀ ਜ਼ੋਰ ਦਿਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਤੰਦਰੁਸਤੀ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਜਿਸ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸਿਹਤ ਮੰਤਰੀ ਨੇ ਮੈਡੀਕਲ ਅਫ਼ਸਰਾਂ ਤੇ ਹੋਰ ਸਟਾਫ਼ ਨੂੰ ਕਿਹਾ ਕਿ ਉਹ ਮਰੀਜ਼ਾਂ ਨਾਲ ਹਮਦਰਦੀ ਅਤੇ ਪਿਆਰ ਭਰਿਆ ਵਿਹਾਰ ਕਰਨ। ਜੇ ਕਦੇ ਕੋਈ ਅਣਸੁਖਾਵੀਂ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਵੀ ਮਰੀਜ਼ਾਂ ਪ੍ਰਤੀ ਹਲੀਮੀ ਵਰਤੀ ਜਾਵੇ। ਇਸ ਮੌਕੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ. ਐਸ. ਚੀਮਾ, ਡਾ. ਵਿਜੇ ਭਗਤ, ਡਾ. ਪਰਮਿੰਦਰ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨl