ਅਮਰਗੜ੍ਹ/ਮਾਲੇਰਕੋਟਲਾ 15 ਜੁਲਾਈ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਤੰਬਾਕੂ ਰਹਿਤ ਜਨਤਕ ਖੇਤਰ ਤਹਿਤ ਅੱਜ ਸਿਹਤ ਬਲਾਕ ਅਮਰਗੜ੍ਹ ਦੇ ਨੋਡਲ ਅਧਿਕਾਰੀ ਰਣਬੀਰ ਸਿੰਘ ਢੰਡੇ ਦੀ ਅਗਵਾਈ ‘ਚ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਟਪਾ ਐਕਟ 2003 ਦੀ ਉਲੰਘਣਾ ਕਰਨ ਵਾਲਿਆਂ ਦੇ ਦਰਜਨ ਤੋਂ ਵੱਧ ਚਲਾਨ ਕੱਟੇ ਗਏ। ਸਿਹਤ ਸੁਪਰਵਾਈਜ਼ਰ ਬਲਾਕ ਅਮਰਗੜ੍ਹ ਸ੍ਰੀ ਪਰਮਜੀਤ ਸਿੰਘ ਤੇ ਸ੍ਰੀ ਕੇਵਲ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਹਤਿੰਦਰ ਕੌਰ ਦੇ ਨਿਰਦੇਸ਼ ‘ਤੇ ਅਤੇ ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਦੀ ਅਗਵਾਈ ‘ਚ ਜਿਲ੍ਹਾ ਸਿਹਤ ਅਫ਼ਸਰ ਡਾ. ਪੁਨੀਤ ਸਿੱਧੂ ਅਤੇ ਐਸਐਮਓ ਡਾ. ਰੀਤੂ ਸੇਠੀ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸਿਹਤ ਬਲਾਕ ਅਮਰਗੜ੍ਹ ਦੀ ਟੀਮ ਵੱਲੋਂ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਸਾਰਾ ਸਾਲ ਹੀ ਤੰਬਾਕੂ ਵਿਰੋਧੀ ਗਤੀਵਿਧੀਆਂ ਜਿਵੇਂ ਕਿ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ-2003 ਅਧੀਨ ਚਲਾਨ ਕਰਨ ਤੋਂ ਇਲਾਵਾ ਆਮ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਤੰਬਾਕੂ ਪਦਾਰਥਾਂ ਦੀ ਜਨਤਕ ਸਥਾਨ ਤੇ ਵਰਤੋਂ ਕਰਨ ਦੀ ਪੂਰਨ ਮਨਾਹੀ ਹੈ। ਇਸ ਸਮੇਂ ਸਿਹਤ ਸੁਪਰਵਾਈਜ਼ਰ ਨਿਰਭੈ ਸਿੰਘ ਤੇ ਅੰਮ੍ਰਿਤਪਾਲ ਸਿੰਘ ਕਿਹਾ ਕਿ ਅੱਜ ਉਨ੍ਹਾਂ ਦੀ ਟੀਮ ਵੱਲੋਂ ਵੱਖ ਵੱਖ ਖੇਤਰ ਦਾ ਦੌਰਾ ਕਰਕੇ ਐਕਟ ਦੀ ਉਲੰਘਣਾ ਕਰਨ ਵਾਲੇ ਵਿਆਕਤੀਆਂ ਦੇ ਦਰਜਨ ਤੋਂ ਵੱਧ ਚਲਾਨ ਕੱਟੇ ਗਏ ਹਨ। ਇਸ ਸਮੇਂ ਨੋਡਲ ਅਧਿਕਾਰੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਜਨਤਕ ਥਾਂ ਜਿਵੇਂ ਬੱਸ ਸਟੈਂਡ, ਰੇਲਵੇ ਸਟੇਸ਼ਨ, ਰੇਲਗੱਡੀ, ਹੋਟਲ, ਸਿੱਖਿਆ ਸੰਸਥਾ ਆਦਿ ਵਿਚ ਤੰਬਾਕੂਨੋਸ਼ੀ ਨਹੀਂ ਕਰ ਸਕਦਾ। 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਉਤਪਾਦ ਵੇਚਣ ਦੀ ਮਨਾਹੀ ਹੈ। ਕਿਸੇ ਵੀ ਵਿੱਦਿਅਕ ਜਾਂ ਧਾਰਮਿਕ ਸੰਸਥਾ ਦੇ 100 ਮੀਟਰ ਦੇ ਦਾਇਰੇ ਅੰਦਰ ਨਾ ਤਾਂ ਤੰਬਾਕੂ ਉਤਪਾਦ ਵੇਚਿਆ ਜਾ ਸਕਦਾ ਹੈ ਨਾ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੰਬਾਕੂ ਉਤਪਾਦ ਨੂੰ ਉਤਸ਼ਾਹਿਤ ਕਰਨ ਵਾਲੇ ਵਿਗਿਆਪਨ ਨਹੀਂ ਦਿੱਤੇ ਜਾ ਸਕਦੇ। ਤੰਬਾਕੂ ਉਤਪਾਦ ਤੇ ਲਿਖਤੀ ਅਤੇ ਤਸਵੀਰ ਸਮੇਤ 85 ਫ਼ੀਸਦੀ ਚੇਤਾਵਨੀ ਛਾਪਣੀ ਲਾਜ਼ਮੀ ਹੈ। ਤੰਬਾਕੂ ਧੂੰਏਂ ਵਾਲਾ ਜਾਂ ਧੂੰਆਂ ਰਹਿਤ ਦੋਵੇਂ ਕਿਸਮ ਦਾ ਹੋ ਸਕਦਾ ਹੈ। ਬੀੜੀ, ਸਿਗਰਟ ਆਦਿ ਧੂੰਏ ਵਾਲਾ ਅਤੇ ਜ਼ਰਦਾ, ਖੈਨੀ ਆਦਿ ਧੂੰਆਂ ਰਹਿਤ ਤੰਬਾਕੂ ਦੀਆਂ ਕਿਸਮਾਂ ਹਨ। ਦੋਵੇਂ ਹੀ ਕਿਸਮ ਦਾ ਤੰਬਾਕੂ ਖਤਰਨਾਕ ਹੈ। ਤੰਬਾਕੂ ਦੀ ਵਰਤੋਂ ਨਾਲ ਵੱਖ-ਵੱਖ ਤਰ੍ਹਾਂ ਦਾ ਕੈਂਸਰ ਅਤੇ ਹੋਰ ਬਿਮਾਰੀਆਂ ਵੀ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਲੈਂਦੀਆਂ ਹਨ। ਇਸ ਲਈ ਤੰਬਾਕੂ ਦੇ ਸੇਵਨ ਤੋਂ ਸਾਨੂੰ ਗੁਰੇਜ਼ ਕਰਨ ਦੀ ਲੋੜ ਹੈ। ਇਸ ਮੌਕੇ ਸਿਹਤ ਸੁਪਰਵਾਈਜ਼ਰ ਪਰਮਜੀਤ ਸਿੰਘ, ਕੇਵਲ ਸਿੰਘ, ਨਿਰਭੈ ਸਿੰਘ, ਅੰਮ੍ਰਿਤ ਸਿੰਘ ਅਤੇ ਸਿਹਤ ਵਰਕਰ ਜਸਪਾਲ ਸਿੰਘ ਆਦਿ ਵੀ ਨਾਲ ਹਾਜ਼ਰ ਸਨ।