ਸਿਹਤ ਵਿਭਾਗ ਬਰਨਾਲਾ ਨੇ ਧੀਆਂ ਨੂੰ ਸਮਰਪਿਤ ਲੋਹੜੀ ਮਨਾਈ

ਬਰਨਾਲਾ, 13 ਜਨਵਰੀ 2025 : ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਬਰਨਾਲਾ ਡਾ. ਬਲਦੇਵ ਸਿੰਘ ਸੰਧੂ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਪਰਵੇਸ਼ ਕੁਮਾਰ ਦੀ ਅਗਵਾਈ ਅਧੀਨ ਸਿਹਤ ਵਿਭਾਗ ਵਲੋਂ ਦਫਤਰ ਸਿਵਲ ਸਰਜਨ ਬਰਨਾਲਾ ਵਿਖੇ ਪੀ.ਸੀ. ਤੇ ਪੀ.ਐਨ.ਡੀ.ਟੀ. ਕਾਨੂੰਨ ਸਬੰਧੀ ਧੀਆਂ ਨੂੰ ਸਮਰਪਿਤ ‘ਧੀਆਂ ਦੀ ਲੋਹੜੀ' ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਡਾ. ਬਲਦੇਵ ਸਿੰਘ ਸੰਧੂ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵਲੋਂ ਇਹ ਪ੍ਰੋਗਰਾਮ ਕਰਵਾਉਣ ਦਾ ਮਕਸਦ ਸਮਾਜ ਅੰਦਰ ਧੀਆਂ ਪ੍ਰਤੀ ਲੋਕਾਂ ਦੀ ਸੋਚ ਨੂੰ ਬਦਲਣ ਅਤੇ ਧੀਆਂ ਨੂੰ ਵੀ ਪੁੱਤਰਾਂ ਦੀ ਤਰ੍ਹਾਂ ਬਰਾਬਰੀ ਤੇ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਸੁਨੇਹਾ ਦੇਣਾ ਹੈ।ਡਾ. ਪ੍ਰਵੇਸ਼ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਦੱਸਿਆ ਕਿ ਪੀ.ਐਨ.ਡੀ.ਟੀ. ਐਕਟ ਬਾਰੇ ਦੱਸਿਆ ਕਿ ਗਰਭ 'ਚ ਪਲ ਰਹੇ ਬੱਚੇ ਦਾ ਲਿੰਗ ਪਤਾ ਕਰਨ ਤੇ ਭਰੂਣ ਹੱਤਿਆ ਕਰਨਾ ਨਾ ਸਿਰਫ਼ ਸਜ਼ਾਯੋਗ ਅਪਰਾਧ ਹੈ ਬਲਕਿ ਇਹ ਇਕ ਮਹਾਂਪਾਪ ਹੈ। ਡਾ. ਗੁਰਬਿੰਦਰ ਕੌਰ ਜ਼ਿਲ੍ਹਾ ਟੀਕਾਕਰਨ ਅਫਸਰ, ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਅਤੇ ਹਰਜੀਤ ਸਿੰਘ ਬਾਗੀ ਜ਼ਿਲ੍ਹਾ ਬੀ.ਸੀ.ਸੀ.ਕੋਆਰਡੀਨੇਟਰ ਨੇ ਕਿਹਾ ਕਿ ਦੁਨੀਆਂ ਭਰ ਵਿਚ ਲੜਕੀਆਂ ਹਰ ਖੇਤਰ ਵਿਚ ਮੋਹਰੀ ਹੋ ਕੇ ਸਮਾਜ ਉਸਾਰੂ ਭੂਮਿਕਾ ਅਦਾ ਕਰ ਰਹੀਆਂ ਹਨ।ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਬਾਲੜੀ ਰੱਖਿਆ ਯੋਜਨਾ, ਜਨਨੀ ਸੁਰੱਖਿਆ ਯੋਜਨਾ, ਪੀਐਨਡੀਟੀ ਐਕਟ ਦੇ ਕਾਨੂੰਨ ਅਤੇ ਸਖਤ ਸਜ਼ਾ, ਪੰਘੂੜਾ ਯੋਜਨਾ, ਪੰਜ ਸਾਲ ਤੱਕ ਦੀਆਂ ਲੜਕੀਆਂ ਦਾ ਮੁਫਤ ਇਲਾਜ ਅਤੇ ਹੋਰ ਸੁਵਿਧਾਵਾਂ ਬਾਰੇ ਜਾਗਰੂਕ ਕੀਤਾ ਗਿਆ।ਇਸ ਮੌਕੇ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਤੌਰ ‘ਤੇ ਚੰਗੀ ਕਾਰਗੁਜ਼ਾਰੀ ਵਾਲੀਆਂ ਪੰਜ ਆਸ਼ਾ ਵਰਕਰ ਨੂੰ ਸਿਵਲ ਸਰਜਨ ਬਰਨਾਲਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਦਫ਼ਤਰ ਸਿਵਲ ਸਰਜਨ ਬਰਨਾਲਾ ਦੇ ਸਮੂਹ ਅਧਿਕਾਰੀ/ ਕਰਮਚਾਰੀ ਅਤੇ ਆਸ਼ਾ ਹਾਜ਼ਰ ਸਨ।