ਲੁਧਿਆਣਾ, 14 ਅਕਤੂਬਰ (ਰਘਵੀਰ ਸਿੰਘ ਜੱਗਾ ) : ਪੰਜਾਬ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਡਾਃ ਸੁਖਪਾਲ ਸਿੰਘ ਸਰਦਾਰ ਪੰਛੀ, ਡਾਃ ਲਖਵਿੰਦਰ ਜੌਹਲ, ਦਰਸ਼ਨ ਬੁੱਟਰ,ਗੁਰਭਜਨ ਗਿੱਲ, ਡਾਃ ਨਵਤੇਜ ਸਿੰਘ ਹਲਵਾਰਵੀ, ਡਾਃ ਪ੍ਰਿਤਪਾਲ ਕੌਰ ਸੁਪਤਨੀ ਸ਼੍ਰੀ ਹਰਭਜਨ ਹਲਵਾਰਵੀ, ਦਲਵੀਰ ਸਿੰਘ ਸੁਮਨ ਹਲਵਾਰਵੀ ਆਸਟਰੇਲੀਆ, ਡਾਃ ਨਿਰਮਲ ਜੌੜਾ, ਡਾਃ ਜਗਵਿੰਦਰ ਜੋਧਾ ਤੇ ਮਨਜਿੰਦਰ ਧਨੋਆ ਨੇ ਕਾਮਰੇਡ ਰਤਨ ਸਿੰਘ ਆਲਮੀ ਸਾਹਿਤ ਕਲਾ ਕੇਂਦਰ ਅਤੇ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ (ਇਪਸਾ) ਵੱਲੋਂ ਹਰ ਸਾਲ ਦਿੱਤਾ ਜਾਂਦਾ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਇਸ ਸਾਲ ਲਈ ਸਿਰਕੱਢ ਪੰਜਾਬੀ ਸ਼ਾਇਰ ਸੰਤ ਸੰਧੂ ਨੂੰ 14 ਅਕਤੂਬਰ ਨੂੰ ਗੁਰੂ ਰਾਮ ਦਾਸ ਕਾਲਿਜ ਪੱਖੋਵਾਲ ਰੋਡ ਹਲਵਾਰਾ ਵਿਖੇ ਪ੍ਰਦਾਨ ਕੀਤਾ। ਡਾਜਗਵਿੰਦਰ ਜੋਧਾ ਤੇ ਪ੍ਰੋਃ ਗੋਪਾਲ ਸਿੰਘ ਬੁੱਟਰ ਨੇ ਸੰਤ ਸੰਧੂ ਦੇ ਅਦਬੀ ਸਫ਼ਰ ਦੀ ਨਿਸ਼ਾਨਦੇਹੀ ਕਰਦਿਆਂ ਉਸ ਨੂੰ ਸਤਲੁਜ ਦਰਿਆ ਦਾ ਨਿੱਕਾ ਵੀਰ ਕਿਹਾ ਜਿਸ ਨੇ ਦੋਆਬੇ ਦੇ ਦੋਨਾਮਖੇਤਰ ਦੀ ਕਲਾ ਕੌਸ਼ਲਤਾ ਤੇ ਨਾਬਰੀ ਨੂੰ ਆਪਣੀ ਕਵਿਤਾ ਵਿੱਚ ਪਰੋਇਆ ਹੈ।
ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਸੰਤ ਸੰਧੂ ਬਾਰੇ ਬੋਲਦਿਆਂ ਕਿਹਾ ਕਿ ਸਾਡੀ ਉਂਗਲੀ ਫੜ ਕੇ ਸਾਹਿੱਤ ਦੇ ਖੇਤਰ ਵਿੱਚ ਸੰਤ ਸੰਧੂ ਦਾ ਨਾਮ ਪ੍ਰਮੁੱਖ ਹੈ। ਉਨ੍ਹਾਂ ਦੱਸਿਆ ਕਿ ਤਲਵੰਡੀ ਸਲੇਮ (ਜਲੰਧਰ) ਵਿਖੇ 1945 ਚ ਜਨਮੇ ਸੰਤ ਸੰਧੂ ਦਾ ਪਹਿਲਾ ਕਾਵਿ ਸੰਗ੍ਰਹਿ ਸੀਸ ਤਲੀ ‘ਤੇ 1970 ਵਿੱਚ ਪਾਸ਼ ਦੀ ਪੁਸਤਕ ਲੋਹ ਕਥਾ ਦੇ ਨਾਲ ਹੀ ਛਪਿਆ ਸੀ। ਸੰਤ ਸੰਧੂ ਹੁਣ ਤੀਕ ਸੱਤ ਕਾਵਿ ਪੁਸਤਕਾਂ ਦੀ ਰਚਨਾ ਕਰ ਚੁਕੇ ਹਨ। ਇਸ ਪੁਰਸਕਾਰ ਵਿੱਚ ਇੱਕੀ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਤੇ ਦੋਸ਼ਾਲਾ ਵੀ ਦਿੱਤਾ ਗਿਆ। ਡਾਃ ਨਿਰਮਲ ਜੌੜਾ ਨੇ ਸੁਆਗਤੀ ਸ਼ਬਦ ਬੋਲਦਿਆਂ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਡਾਃ ਜੌੜਾ ਨੇ ਕਿਹਾ ਕਿ ਕਵਿਤਾ ਦੇ ਖੇਤਰ ਵਿਚ ਸੰਤ ਸੰਧੂ ਆਪਣੀ ਸਹਿਜ ਤੋਰੇ ਲਗਾਤਾਰ ਪਚਵੰਜਾ ਸਾਲ ਤੋਂ ਤੁਰਦਾ ਆ ਰਿਹਾ ਹੈ।ਇਸ ਮੌਕੇ ਕਰਵਾਏ ਕਵੀ ਦਰਬਾਰ ਦਾ ਸੰਚਾਲਨ ਪ੍ਰਭਜੋਤ ਸਿੰਘ ਸੋਹੀ ਨੇ ਬੜੇ ਜੀਵੰਤ ਅੰਦਾਜ਼ ਵਿੱਚ ਕੀਤੀ। ਅਮਰੀਕਾ ਵੱਸਦੇ ਕਵੀ ਸੁਰਿੰਦਰ ਸਿੰਘ ਸੁੱਨੜ ,ਬੂਟਾ ਸਿੰਘ ਚੌਹਾਨ ,ਗੁਰਤੇਜ ਕੋਹਾਰਵਾਲਾ ,ਤ੍ਰੈਲੋਚਨ ਲੋਚੀ, ਕਮਲਜੀਤ ਨੀਲੋਂ ਹਰਮੀਤ ਵਿਦਿਆਰਥੀ,ਅਮਰੀਕ ਡੋਗਰਾ ,ਹਰਵਿੰਦਰ ਚੰਡੀਗੜ੍ਹ, ਸੁਰਿੰਦਰਪ੍ਰੀਤ ਘਣੀਆ,ਗੁਰਚਰਨ ਕੌਰ ਕੋਚਰ ,ਮੁਕੇਸ਼ ਆਲਮ ,ਤਰਸੇਮ ਨੂਰ ,ਨਰਿੰਦਰਪਾਲ ਸਿੰਘ ਕੰਗ, ਧਰਮਿੰਦਰ ਸ਼ਾਹਿਦ ,ਕਰਨਜੀਤ ਸਿੰਘ ਨਕੋਦਰ,ਭਗਵਾਨ ਢਿੱਲੋਂ, ਡਾ ਰਾਮ ਮੂਰਤੀ,ਬਲਬੀਰ ਕੌਰ ਰਾਏਕੋਟੀ, ਜਸਵੀਰ ਸਿੰਘ ਸ਼ਾਇਰ, ਨਵਤੇਜ ਗੜ੍ਹਦੀਵਾਲਾ,ਸ ਨਸੀਮ ਤੇ ਦੀਪਕ ਸ਼ਰਮਾ ਚਨਾਰਥਲ ਸ਼ਾਮਿਲ ਹੋਏ।
ਸਮੁੱਚੇ ਸਮਾਗਮ ਨੂੰ ਮਾਲਵਾ ਟੀ ਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਗਿਆ। ਇਸ ਸਮਾਗਮ ਲਈ ਕਾਮਰੇਡ ਰਤਨ ਸਿੰਘ ਦੇ ਸਪੁੱਤਰ ਸਃ ਦਲਬੀਰ ਸਿੰਘ ਹਲਵਾਰਵੀ ਵੀ ਆਸਟਰੇਲੀਆ ਤੋਂ ਪੰਜਾਬ ਪਹੁੰਚੇਗੋਏ ਸਨ। ਹਰਭਜਨ ਹਲਵਾਰਵੀ ਦੀਆਂ ਉਨ੍ਹਾਂ ਦੇ ਨਿੱਕੇ ਵੀਰ ਤੇ ਇਤਿਹਾਸਕਾਰ ਡਾਃ ਨਵਤੇਜ ਸਿੰਘ ਵੱਲੋਂ ਸੰਪਾਦਿਤ ਤਿੰਨ ਵਾਰਤਕ ਪੁਸਤਕਾਂ ਨੂੰ ਵੀ ਸਮਾਗਮ ਵਿੱਚ ਲੋਕ ਅਰਪਨ ਕੀਤਾ ਗਿਆ । ਟਰਸਟ ਦੇ ਬੁਲਾਰੇ ਡਾਇਰੈਕਟਰ ਸਃ ਰਣਜੀਤ ਸਿੰਘ ਧਾਲੀਵਾਲ ਤੇ ਮਨਜਿੰਦਰ ਧਨੋਆ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਮਾਗਮ ਵਿੱਚ ਡਾਃ ਸੁਮੇਲ ਸਿੰਘ ਸਿੱਧੂ ਕਾਮਰੇਡ ਰਤਨ ਸਿੰਘ ਯਾਦਗਾਰੀ ਵਿਸ਼ੇਸ਼ ਭਾਸ਼ਨ ਦੇਂਦਿਆਂ ਕਿਹਾ ਕਿ ਸੰਚਾਰ ਤੰਤਰ ਨੂੰ ਲੋਕ ਪੱਖੀ ਮੁਹਾਂਦਰਾ ਦੇਣ ਲਈ ਸਮਰੱਥ ਬੁਧੀਜੀਵੀੰ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ ਪਰ ਅੱਜ ਦਾ ਬੁੱਧੀਜੀਵੀ ਆਪਣੀ ਜ਼ੁੰਮੇਵਾਰੀ ਤੋਂ ਟਲ ਕਿਹਾ ਹੈ। ਉਸ ਦੀ ਅਲਗਰਜ਼ੀ ਨੇੜ ਭਵਿੱਖ ਵਿੱਚ ਸਮਾਜ ਲਈ ਘਾਤਕ ਸਾਬਤ ਹੋ ਸਕਦੀ ਹੈ। ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾਃ ਸੁਖਪਾਲ ਸਿੰਘ ਚੇਅਰਮੈਨ, ਪੰਜਾਬ ਰਾਜ ਕਿਸਾਨ ਕਮਿਸ਼ਨ ਨੇ ਕਿਹਾ ਕਿ ਅਰਥ ਸ਼ਾਸਤਰ, ਸਮਾਜ ਸ਼ਾਸਤਰ ਤੇ ਸਾਹਿੱਤ ਦੇ ਨਾਲ ਨਾਲ ਕੋਮਲ ਕਲਾਵਾਂ ਦਾ ਆਪਸੀ ਵਿਚਾਰ ਆਦਾਨ ਪ੍ਰਦਾਨ ਸਮੇਂ ਦੀ ਲੋੜ ਹੈ। ਗੁਰੂ ਕਾਸ਼ੀ ਯੂਨੀਃ ਦੇ ਸਾਬਕਾ ਪਰੋ ਵਾਈਸ ਚਾਂਸਲਰ ਡਾਃ ਜਗਪਾਲ ਸਿੰਘ ਨੇ ਵੀ ਪੰਜਾਬੀ ਭਾਸ਼ਾ ਤੇ ਸਾਹਿੱਤ ਦੀ ਮਹੱਤਤਾ ਬਾਰੇ ਵਿਚਾਰ ਪ੍ਰਗਟ ਕੀਤੇ। ਸ਼੍ਰੀ ਹਰਭਜਨ ਹਲਵਾਰਵੀ ਜੀ ਦਾ ਪਰਿਵਾਰ ਅਤੇ ਕਾਮਰੇਡ ਰਤਨ ਸਿੰਘ ਦੇ ਧੀਆਂ ਪੁੱਤਰ ਵੀ ਵਿਸ਼ੇਸ਼ ਤੌਰ ਤੇ ਯੂ ਕੇ ਤੋਂ ਸਮਾਗਮ ਲਈ ਪੁੱਜੇ। ਇਸ ਮੌਕੇ ਪ੍ਰੋਃ ਰਵਿੰਦਰ ਭੱਠਲ, ਰਾਜਦੀਪ ਤੂਰ, ਡਾਃ ਹਰਮਿੰਦਰ ਸਿੰਘ ਸਿੱਧੂ, ਡਾਃ ਅਮਨਦੀਪ ਟੱਲੇਵਾਲੀਆ, ਬਲਵਿੰਦਰ ਜੰਮੂ, ਟੀ ਸੋਚਨ ਮਾਛੀਵਾੜਾ ਆਦਿ ਲੇਖਕ ਹਾਜ਼ਰ ਸਨ।