- ਬਣਦਾ ਟੈਕਸ ਜ਼ਮ੍ਹਾਂ ਨਾ ਕਰਵਾਉਣ ’ਤੇ ਹੋਵੇਗੀ ਕਾਰਵਾਈ ਅਤੇ ਜ਼ੁਰਮਾਨਾ
ਸ੍ਰੀ ਮੁਕਤਸਰ ਸਾਹਿਬ, 10 ਅਕਤੂਬਰ 2024 : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀ.ਐਸ.ਟੀ. ਮਾਲੀਆ ਵਧਾਉਣ ਲਈ ਦਫ਼ਤਰ ਸਹਾਇਕ ਕਮਿਸ਼ਨਰ ਰਾਜ ਕਰ, ਸ਼੍ਰੀ ਮੁਕਤਸਰ ਸਾਹਿਬ ਵਿਖੇ ਸ਼ਹਿਰ ਵਿੱਚ ਸਥਿਤ ਜੀ.ਐਸ.ਟੀ. ਅਧੀਨ ਰਜਿਸਸਟਰਡ ਮੈਰਿਜ ਪੈਲੇਸਾਂ ਦੇ ਮਾਲਕਾਂ/ ਹਿੱਸੇਦਾਰਾਂ /ਮੈਨੇਜ਼ਰਾਂ ਨਾਲ ਮੀਟਿੰਗ ਕੀਤੀ ਗਈ, ਜਿਸਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ ਰਾਜ ਕਰ ਸ੍ਰੀ ਰੋਹਿਤ ਗਰਗ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਹਾਜ਼ਰ ਮੈਰਿਜ ਪੈਲੇਸਾਂ ਦੇ ਮਾਲਕਾਂ/ਹਿੱਸੇਦਾਰਾਂ ਨੂੰ ਹਰ ਗ੍ਰਾਹਕ ਤੋਂ ਜੀ.ਐਸ.ਟੀ. ਐਕਟ ਅਨੁਸਾਰ ਬਣਦਾ ਟੈਕਸ ਵਸੂਲ ਕਰਕੇ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਲਈ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਪੈਲੇਸ ਮਾਲਕਾਂ ਨੂੰ ਇਹ ਵੀ ਦੱਸਿਆ ਗਿਆ ਕਿ ਉਹਨਾ ਵੱਲੋਂ ਆਪਣੇ ਪੈਲਸਾਂ ਵਿੱਚ ਕੀਤੇ ਜਾਣ ਵਾਲੇ ਸਮਾਗਮਾਂ ਦੇ ਵਸੂਲ ਕੀਤੇ ਗਏ ਕਿਰਾਏ ’ਤੇ ਬਣਦਾ ਟੈਕਸ ਪੂਰਾ ਜਮ੍ਹਾਂ ਨਹੀ ਕਰਵਾਇਆ ਜਾ ਰਿਹਾ ਤੇ ਇਸ ਲਈ ਹੁਣ ਵਿਭਾਗ ਵੱਲੋਂ ਮੈਰਿਜ ਪੈਲੇਸਾਂ ਦੇ ਵਿੱਚ ਹੋਣ ਵਾਲੇ ਸਮਾਗਮਾਂ ’ਤੇ ਸਖਤ ਨਿਗਰਾਨੀ ਰੱਖੀ ਜਾਵੇਗੀ। ਮੀਟਿੰਗ ਦੌਰਾਨ ਉਨ੍ਹਾਂ ਪੈਲੇਸ ਮਾਲਕਾਂ ਨੂੰ ਬਣਦਾ ਟੈਕਸ ਸਮੇਂ ਸਿਰ ਜਮ੍ਹਾਂ ਨਾ ਕਰਵਾਉਣ ਦੀ ਹਾਲਤ ਵਿੱਚ ਜੀ.ਐਸ.ਟੀ. ਐਕਟ ਦੀਆ ਧਰਾਵਾਂ ਅਧੀਨ ਬਣਦੀ ਕਾਰਵਾਈ ਤੇ ਜੁਰਮਾਨੇ ਸਬੰਧੀ ਵੀ ਜਾਣੂੰ ਕਰਵਾਇਆ। ਉਨ੍ਹਾਂ ਪੈਲੇਸ ਮਾਲਕਾਂ ਦੀਆ ਮੁਸ਼ਕਿਲਾਂ ਵੀ ਸੁਣੀਆਂ ਅਤੇ ਪੈਲੇਸਾਂ ਦੇ ਮਾਲਕਾਂ/ਹਿੱਸੇਦਾਰਾਂ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਜੀ.ਐਸ.ਟੀ. ਮਾਲੀਆ ਵਧਾਉਣ ਸਬੰਧੀ ਵੀ ਯਕੀਨ ਦਿਵਾਇਆ ਗਿਆ। ਇਸ ਮੌਕੇ ਸ਼੍ਰੀ ਮਨਜਿੰਦਰ ਸਿੰਘ ਰਾਜ ਕਰ ਅਫਸਰ, ਸ੍ਰੀ ਰਵਿੰਦਰ ਕੁਮਾਰ ਕਰ ਨਿਰੀਖਕ ਅਤੇ ਸ੍ਰੀ ਤਰਸੇਮ ਸਿੰਘ ਕਰ ਨਿਰੀਖਕ ਤੋਂ ਇਲਾਵਾ ਗਾਰਡੇਨੀਆ ਰਿਜ਼ੋਰਟ ਤੋਂ ਸ਼੍ਰੀ ਸੁਨੀਲ ਵਾਟਸ, ਨਰਾਇਣਗੜ੍ਹ ਗਾਰਡਨ ਤੋਂ ਸ਼੍ਰੀ ਪਰਮਜੀਤ ਸਿੰਘ, ਗਰੀਨ ਸੀ ਰਿਜ਼ੋਰਟ ਤੋਂ ਸ਼੍ਰੀ ਹਰਚਰਨ ਸਿੰਘ, ਸਟਾਰ ਵਿਊ ਰਿਜ਼ੋਰਟ ਤੋਂ ਸ਼੍ਰੀ ਵਿਸ਼ਾਲ ਗੋਇਲ ਅਤੇ ਅਰਜਨ ਕੈਸਲ ਤੋਂ ਸ਼੍ਰੀ ਬਲਰਾਜ ਭੁੱਲਰ ਹਾਜ਼ਰ ਸਨ।