
- ਅਤਿਅੰਤ ਹਿਰਦੇਵੇਦਕ ਘਟਨਾ ਦੀ ਸਖ਼ਤ ਨਿੰਦਾ, ਵਾਰਸਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ, ਨਿਆਂਇਕ ਜਾਂਚ ਦੀ ਮੰਗ
ਚੰਡੀਗੜ੍ਹ, 23 ਅਪ੍ਰੈਲ (ਭੁਪਿੰਦਰ ਸਿੰਘ ਧਨੇਰ) : ਕਸ਼ਮੀਰ ਦੇ ਟੋਟੇ ਕਰ ਦੇਣ ਅਤੇ ਧਾਰਾ 370 ਅਤੇ 35 ਏ ਨੂੰ ਖ਼ਤਮ ਕਰ ਦੇਣ ਨੂੰ ਮੋਦੀ ਸਰਕਾਰ ਵੱਲੋਂ ਇੱਕ ਵੱਡਾ ਮੀਲ-ਪੱਥਰ ਕਰਾਰ ਦਿੱਤਾ ਗਿਆ ਸੀ। ਉਸ ਸਮੇਂ ਮੋਦੀ ਹਕੂਮਤ ਵੱਲੋਂ ਜੰਮੂ ਕਸ਼ਮੀਰ 'ਚ ਅਮਨ ਬਹਾਲੀ ਲਈ ਇਹਨਾਂ ਗੱਲਾਂ ਨੂੰ ਇੱਕ ਰਾਮਬਾਣ ਵਜੋਂ ਪ੍ਰਚਾਰਿਆ ਗਿਆ ਸੀ। ਪਰ ਬੀਤੇ ਦਿਨੀਂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਕਸਬੇ 'ਚ ਵਾਪਰੀ ਅਤਿਅੰਤ ਹਿਰਦੇਵੇਦਕ ਘਟਨਾ ਜਿਸ ਵਿੱਚ 26 ਸੈਲਾਨੀ ਮਾਰ ਦਿੱਤੇ ਤੇ ਵੱਡੀ ਗਿਣਤੀ 'ਚ ਜ਼ਖਮੀ ਕਰ ਦਿੱਤੇ ਨੇ ਸਮੂਹ ਇਨਸਾਫ਼ਪਸੰਦ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਥੇ ਹੀ ਮੋਦੀ ਹਕੂਮਤ ਦੇ ਦਮਗਜਿਆਂ ਦੀ ਫ਼ੂਕ ਵੀ ਕੱਢ ਦਿੱਤੀ ਹੈ। ਇਹ ਵਿਚਾਰ ਅੱਜ ਇੱਥੇ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸੱਕਤਰ ਕੰਵਲਜੀਤ ਖੰਨਾ ਨੇ ਦਿੱਤੇ। ਉਹਨਾਂ ਕਿਹਾ ਕਿ ਕਸ਼ਮੀਰੀ ਲੋਕਾਂ ਦੀ ਹੱਕਾਂ ਦੀ ਲੜਾਈ 'ਚ ਨਿਰਦੋਸ਼ ਲੋਕਾਂ ਦੇ ਕਤਲ ਹੁਣ ਆਮ ਕਸ਼ਮੀਰੀ ਲੋਕਾਂ ਤੇ ਜਬਰ ਦਾ ਅੰਨ੍ਹਾ ਝੱਖੜ ਚਲਾਉਣ ਦਾ ਕਾਰਣ ਬਨਣਗੇ। ਇਸ ਘਟਨਾ ਨਾਲ ਕਸ਼ਮੀਰੀ ਲੋਕ ਇੱਕ ਵੇਰ ਫਿਰ ਦਹਿਸ਼ਤ ਦੇ ਸਾਏ 'ਚ ਜਿਓਣ ਲਈ ਮਜ਼ਬੂਰ ਹੋਣਗੇ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਸੰਨ 2000 'ੳ ਚਿੱਠੀ ਸਿੰਘਪੁਰਾ 'ਚ ਵਾਪਰੀ ਆਮ ਸਿੱਖ ਪ੍ਰੀਵਾਰਾਂ ਦੇ ਸਮੂਹਿਕ ਕਤਲੇਆਮ ਦੀ ਘਟਨਾ ਮੌਕੇ ਵੀ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਆਮਦ ਦਾ ਵਿਰੋਧ ਰਚਿਆ ਗਿਆ ਸੀ ਜੋ ਕਿ ਬਾਅਦ 'ਚ ਜਾਂਚ ਉਪਰੰਤ ਪਤਾ ਲੱਗਿਆ ਸੀ ਕਿ ਇਹ ਨਿਰਦੋਸ਼ ਲੋਕਾਂ ਦਾ ਕਤਲੇਆਮ ਸਰਕਾਰੀ ਏਜੰਸੀਆਂ ਦੀ ਕਰਤੂਤ ਸੀ ਜਿਸ ਵਿੱਚ ਬੇਦੋਸ਼ੇ ਲੋਕ ਮਾਰੇ ਗਏ ਤੇ ਜ਼ਿੰਮੇਵਾਰ ਅੱਤਵਾਦੀਆਂ ਨੂੰ ਦੱਸਿਆ ਗਿਆ ਸੀ। ਉਹਨਾਂ ਇਸ ਸਮੁੱਚੀ ਘਟਨਾ ਦੀ ਨਿਰਪੱਖ ਨਿਆਂਇਕ ਜਾਂਚ ਕਰਕੇ ਸਹੀ ਤੱਥ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ। ਉਨਾਂ ਕਸ਼ਮੀਰ ਮਸਲੇ ਨੂੰ ਗੋਲੀ ਦੀ ਥਾਂ ਰਾਜਨੀਤਕ ਤੌਰ 'ਤੇ ਹੱਲ ਕਰਨ ਦੀ ਮੰਗ ਕੀਤੀ।