- ਕਿਹਾ, ਵੋਟਾਂ ਬਣਾਉਣ, ਵੋਟਾਂ ਕੱਟਣ ਤੇ ਵੋਟਾਂ ‘ਚ ਕਿਸੇ ਸੋਧ ਸਬੰਧੀ ਇਤਰਾਜ ਵਾਸਤੇ ਸਾਰੇ ਯੋਗ ਵੋਟਰ ਮੁਹਿੰਮ ਦਾ ਲਾਭ ਜਰੂਰ ਲੈਣ
ਪਟਿਆਲਾ, 17 ਅਗਸਤ 2024 : ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਹੈ ਕਿ ਰਾਜ ਵਿੱਚ ਹੋਣ ਵਾਲੀਆਂ ਗਰਾਮ ਪੰਚਾਇਤ ਚੋਣਾਂ ਲਈ ਰਾਜ ਚੋਣ ਕਮਿਸ਼ਨ ਵਲੋਂ ਪ੍ਰਬੰਧ ਕੀਤੇ ਜਾ ਰਹੇ ਹਨ। ਰਾਜ ਚੋਣ ਕਮਿਸ਼ਨ, ਪੰਜਾਬ ਦੀਆਂ ਹਦਾਇਤਾਂ ‘ਤੇ ਇਨ੍ਹਾਂ ਚੋਣਾਂ ਲਈ ਵੋਟਰ ਸੂਚੀਆਂ ਵਿੱਚ ਸਾਰੇ ਯੋਗ ਵੋਟਰਾਂ ਦਾ ਨਾਮ ਦਰਜ ਕਰਨ ਲਈ 20,21 ਤੇ 22 ਅਗਸਤ ਨੂੰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।ਉਨ੍ਹਾਂ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਬਣਾਉਣ, ਵੋਟਾਂ ਕੱਟਣ ਤੇ ਵੋਟਾਂ ‘ਚ ਕਿਸੇ ਸੋਧ ਸਬੰਧੀ ਇਤਰਾਜ ਵਾਸਤੇ ਇਸ ਮੁਹਿੰਮ ਦਾ ਲਾਭ ਜਰੂਰ ਲੈਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਚਾਇਤ ਚੋਣਾਂ ਲਈ ਵਰਤੀਆਂ ਜਾਣ ਵਾਲੀਆਂ ਵੋਟਰ ਸੂਚੀਆਂ ਦੀ ਯੋਗਤਾ ਮਿਤੀ 01/01/2023 ਦੇ ਆਧਾਰ ‘ਤੇ ਮਿਤੀ 07/01/2024 ਨੂੰ ਅੰਤਿਮ ਪ੍ਰਕਾਸ਼ਨਾ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੋਟਰ ਸੂਚੀਆਂ ਦੀ ਮਿਤੀ 29/12/2023 ਤੱਕ ਸਾਰੇ ਚੋਣ ਰਜਿਸਟ੍ਰੇਸ਼ਨ ਅਫਸਰਾਂ ਵਲੋਂ, ਆਮ ਜਨਤਾ ਤੋਂ ਦਾਅਵੇ ਤੇ ਇਤਰਾਜ਼ ਪ੍ਰਾਪਤ ਕਰਕੇ, ਅਤੇ ਮਿਤੀ 05/01/2024 ਨੂੰ ਉਨ੍ਹਾਂ ਦਾ ਨਿਪਟਾਰਾ ਕਰਕੇ, ਅੰਤਿਮ ਪ੍ਰਕਾਸ਼ਨਾ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਵੋਟਰ ਸੂਚੀਆਂ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਾਰੇ ਯੋਗ ਵੋਟਰ ਆਪਣਾ ਨਾਮ ਇਨ੍ਹਾਂ ਵੋਟਰ ਸੂਚੀਆਂ ਵਿੱਚ ਦਰਜ ਕਰਵਾ ਸਕਣ। ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਉਪਰ ਜ਼ਿਲ੍ਹਾ ਪੱਧਰ ਉਤੇ ਸਾਰੇ ਚੋਣ ਰਜਿਸਟਰੇਸ਼ਨ ਅਫ਼ਸਰਾਂ ਕਮ-ਐਸ.ਡੀ.ਐਮਜ. ਵਲੋਂ ਆਮ ਕੰਮ ਵਾਲੇ ਦਿਨਾਂ ਵਿੱਚ ਆਮ ਜਨਤਾ ਤੋਂ ਫਾਰਮ ਨੰਬਰ 1, ਦੋ ਅਤੇ ਤਿੰਨ ਜੋ ਕਿ ਕ੍ਰਮਵਾਰ ਵੋਟਾਂ ਬਣਵਾਉਣ, ਕੱਟਣ ਅਤੇ ਵੋਟਾਂ ਵਿੱਚ ਸੋਧ ਕਰਨ ਲਈ ਹੁੰਦੇ ਹਨ। ਇਸ ਤਰ੍ਹਾਂ ਇਹਨਾ ਬਾਬਤ ਇਤਰਾਜ ਪ੍ਰਾਪਤ ਕਰਨ ਲਈ 20, 21 ਅਤੇ 22 ਅਸਗਤ ਨੂੰ ਇੱਕ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ। ਸ਼ੌਕਤ ਅਹਿਮਦ ਪਰੇ ਨੇ ਹੋਰ ਦੱਸਿਆ ਕਿ ਪਿੰਡਾਂ ਦੇ ਯੋਗ ਵੋਟਰ ਫਾਰਮ ਨੰਬਰ 1 ਵੋਟਾਂ ਬਣਵਾਉਣ ਲਈ, ਕਿਸੇ ਇਤਰਾਜ ਜਾਂ ਵੋਟਾਂ ਕੱਟਣ ਲਈ ਫਾਰਮ ਨੰਬਰ 2 ਅਤੇ ਦਿੱਤੇ ਗਏ ਪਾਰਟੀਕੁਲਰ ਦੇ ਇੰਦਰਾਜ ਵਿੱਚ ਸੋਧ (ਪਤੇ ਵਿੱਚ ਤਬਦੀਲੀ ਜਾਂ ਪਤੇ ਵਿੱਚ ਸੋਧ ਜਾਂ ਕੋਈ ਹੋਰ ਸੋਧ ਲਈ), ਵਰਤੋਂ ਵਿੱਚ ਲਿਆ ਸਕਦੇ ਹਨ। ਇਹ ਫਾਰਮ ਸਾਰੇ ਐਸਂ.ਡੀ.ਐਮ ਦਫ਼ਤਰਾਂ ਵਿੱਚ ਜਾਂ ਕਮਿਸ਼ਨ ਦੀ ਵੈਬਸਾਇਟ ਐਸਈਸੀ ਡਾਟ ਪੰਜਾਬ ਡਾਟ ਜੀਓਵੀ ਡਾਟ ਇਨ ਉਪਰ ਵੀ ਉਪਬਲੱਧ ਹਨ।