- ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਨੇ ਕੀਤਾ ਵੈਟਨਰੀ ਯੂਨੀਵਰਸਿਟੀ ਵਿਖੇ ‘ਪਸ਼ੂ ਪਾਲਣ ਮੇਲੇ' ਦਾ ਉਦਘਾਟਨ
ਲੁਧਿਆਣਾ, 13 ਸਤੰਬਰ 2024 : ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ, ਪੰਜਾਬ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਫ਼ੂਡ ਪ੍ਰਾਸੈਸਿੰਗ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ।ਸ. ਖੁੱਡੀਆਂ ਮੇਲੇ ਦੇ ਵਿਭਿੰਨ ਸਟਾਲਾਂ ’ਤੇ ਗਏ, ਉਨ੍ਹਾਂ ਨੇ ਪਸ਼ੂਧਨ ਕਿੱਤਿਆਂ ਸੰਬੰਧੀ ਅਤੇ ਬਿਹਤਰ ਨਸਲਾਂ ਬਾਰੇ ਜਾਨਣ ਲਈ ਵਿਸ਼ੇਸ਼ ਰੁਚੀ ਵਿਖਾਈ। ਉਨ੍ਹਾਂ ਕਿਹਾ ਕਿ ਡੇਅਰੀ ਦਾ ਕਿੱਤਾ ਪ੍ਰਤੀ ਦਿਨ ਆਮਦਨ ਦੇਣ ਵਾਲਾ ਕਿੱਤਾ ਹੈ। ਉਨ੍ਹਾਂ ਨੇ ਕਿਸਾਨਾਂ ਨਾਲ ਗੱਲਾਂ ਕੀਤੀਆਂ ਅਤੇ ਕਿਸਾਨੀ ਮੁੱਦਿਆਂ ਸੰਬੰਧੀ ਉਨ੍ਹਾਂ ਦੇ ਵਿਚਾਰ ਜਾਣੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ਕਈ ਭਲਾਈ ਯੋਜਨਾਵਾਂ ਚਲਾ ਰਹੀ ਹੈ। ਕਿਸਾਨਾਂ ਨੂੰ ਉਨ੍ਹਾਂ ਦਾ ਲਾਭ ਲੈਣਾ ਚਾਹੀਦਾ ਹੈ ਅਤੇ ਬਿਹਤਰ ਆਮਦਨ ਵਾਸਤੇ ਆਪਣੇ ਖੇਤੀਬਾੜੀ ਅਤੇ ਪਸ਼ੂਧਨ ਉਦਮੀ ਕਿੱਤੇ ਸਥਾਪਿਤ ਕਰਨੇ ਚਾਹੀਦੇ ਹਨ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਅਸੀਂ ਕਿਸਾਨਾਂ ਦੀ ਆਮਦਨ ਬਿਹਤਰ ਕਰ ਸਕਦੇ ਹਾਂ। ਇਸ ਵਾਰ ਦੇ ਮੇਲੇ ਦਾ ਨਾਅਰਾ ‘ਉਤਪਾਦਨ ਤੋਂ ਉਤਪਾਦ ਬਣਾਈਏ, ਆਓ ਵੱਧ ਮੁਨਾਫ਼ਾ ਪਾਈਏ ਰੱਖਿਆ ਗਿਆ ਸੀ। ਡਾ. ਗਿੱਲ ਨੇ ਕਿਹਾ ਕਿ ਪਸ਼ੂ ਉਤਪਾਦਨ ਦੀ ਪ੍ਰਾਸੈਸਿੰਗ ਕਰਕੇ ਅਸੀਂ ਆਪਣੇ ਮੁਨਾਫ਼ੇ ਨੂੰ ਵਧਾ ਸਕਦੇ ਹਾਂ ਅਤੇ ਰਵਾਇਤੀ ਕਿੱਤਿਆਂ ਨਾਲੋਂ ਵੱਧ ਫਾਇਦਾ ਲੈ ਸਕਦੇ ਹਾਂ। ਮਾਰਚ ਅਤੇ ਸਿਤੰਬਰ ਦੇ ਮਹੀਨੇ, ਸਾਲ ਵਿੱਚ ਦੋ ਵਾਰ ਲਗਾਇਆ ਜਾਂਦਾ ਇਹ ਮੇਲਾ ਪਸ਼ੂ ਪਾਲਕਾਂ, ਵਿਗਿਆਨੀਆਂ, ਪਸਾਰ ਕਰਮਚਾਰੀਆਂ, ਡੇਅਰੀ ਅਫਸਰਾਂ, ਪਸ਼ੂ ਆਹਾਰ ਮਾਹਿਰਾਂ, ਮੱਛੀ ਪਾਲਣ ਅਧਿਕਾਰੀਆਂ ਅਤੇ ਪਸ਼ੂ ਇਲਾਜ ਅਤੇ ਤਕਨੀਕੀ ਸੰਦਾਂ ਨਾਲ ਜੁੜੀਆਂ ਵੱਖ-ਵੱਖ ਕੰਪਨੀਆਂ ਨੂੰ ਇਕ ਸਾਂਝਾ ਮੰਚ ਮੁਹੱਈਆ ਕਰਦਾ ਹੈ। ਇਸ ਮੰਚ `ਤੇ ਜਿੱਥੇ ਨਵੀਆਂ ਸੂਚਨਾਵਾਂ, ਤਕਨੀਕਾਂ ਅਤੇ ਸਕੀਮਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਉਥੇ ਕਈ ਤਰ੍ਹਾਂ ਦੇ ਤਜਰਬੇ ਵੀ ਵਿਚਾਰੇ ਜਾਂਦੇ ਹਨ। ਮੇਲੇ ਵਿਚ ਪਸ਼ੂ ਆਹਾਰ ਵਿਭਾਗ ਅਤੇ ਕਾਲਜ ਆਫ ਫ਼ਿਸ਼ਰੀਜ਼ ਦੇ ਸਾਂਝੇ ਉਦਮ ਨਾਲ ਵਿਕਸਤ ਕੀਤਾ ਗਿਆ ਮੱਛੀਆਂ ਲਈ ਧਾਤਾਂ ਦਾ ਚੂਰਾ ਵੀ ਲੋਕ ਅਰਪਣ ਕੀਤਾ ਗਿਆ। ਮੇਲੇ ਸਬੰਧੀ ਜਾਣਕਾਰੀ ਦੇਂਦਿਆਂ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਜਾਣਕਾਰੀ ਦਿੱਤੀ ਕਿ ਕਾਫੀ ਵੱਡੀ ਗਿਣਤੀ ਵਿੱਚ ਲੋਕ ਬੱਕਰੀ, ਸੂਰ ਤੇ ਮੱਛੀਆਂ ਪਾਲਣ ਦੇ ਧੰਦੇ ਅਪਨਾਉਣ ਸੰਬੰਧੀ ਗਿਆਨ ਲੈ ਰਹੇ ਸਨ। ਉਹ ਯੂਨੀਵਰਸਿਟੀ ਵੱਲੋਂ ਭਵਿੱਖ ਵਿੱਚ ਕਰਵਾਏ ਜਾ ਰਹੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਲੈਣ ਲਈ ਵੀ ਜਗਿਆਸੂ ਸਨ।ਯੂਨੀਵਰਸਿਟੀ ਵੱਲੋਂ ਪਸ਼ੂ ਪਾਲਕਾਂ ਲਈ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਪੁਸਤਕਾਂ ਜਿਵੇਂ ਡੇਅਰੀ ਫਾਰਮਿੰਗ, ਪਸ਼ੂਆਂ ਦੀ ਸਿਹਤ ਸੰਭਾਲ ਅਤੇ ਪਾਲਣ ਸਬੰਧੀ ਸਮੱਸਿਆਵਾਂ ਅਤੇ ਮਹੀਨੇਵਾਰ ਰਸਾਲੇ ‘ਵਿਗਿਆਨਕ ਪਸ਼ੂ ਪਾਲਣ ਨੂੰ ਵੀ ਪਸ਼ੂ ਪਾਲਕਾਂ ਅਤੇ ਨੌਜਵਾਨਾਂ ਨੇ ਬਹੁਤ ਪਸੰਦ ਕੀਤਾ।ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੁਲਤਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਪਰਚੇ ਵੀ ਵੰਡੇ ਗਏ। ਯੂਨੀਵਰਸਿਟੀ ਦੇ ਵੈਟਨਰੀ ਕਾਲਜ ਦੇ ਵਿਭਿੰਨ ਵਿਭਾਗਾਂ ਨੇ ਪਸ਼ੂ ਪਾਲਕਾਂ ਦੇ ਫਾਇਦੇ ਹਿੱਤ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਵਿਭਾਗਾਂ ਨੇ ਆਪਣੇ ਵੱਖ-ਵੱਖ ਸਟਾਲ ਲਗਾ ਕੇ ਪਸ਼ੂਆਂ ਦੀ ਹਰ ਉਲਝਣ ’ਤੇ ਰੋਸ਼ਨੀ ਪਾਈ।ਦੁੱਧ ਦੀ ਜਾਂਚ ਕਿੱਟ, ਲੇਵੇ ਦੀ ਸੋਜ ਤੋਂ ਬਚਾਉ ਕਿੱਟ, ਥਣਾਂ ਦੀ ਸੰਭਾਲ ਦੀ ਜਾਣਕਾਰੀ ਅਤੇ ਚਿੱਚੜਾਂ, ਮਲੱਪਾਂ ਤੋਂ ਬਚਾਅ ਵਾਸਤੇ ਵੀ ਪ੍ਰਦਰਸ਼ਨੀ ਲਾਈ ਗਈ ਸੀ ਜਿਸ ਦਾ ਪਸ਼ੂ ਪਾਲਕਾਂ ਨੇ ਕਾਫੀ ਫਾਇਦਾ ਪ੍ਰਾਪਤ ਕੀਤਾ। ਯੂਨੀਵਰਸਿਟੀ ਦੇ ਫਿਸ਼ਰੀਜ ਕਾਲਜ ਨੇ ਜਿੱਥੇ ਕਾਰਪ ਮੱਛੀਆਂ ਅਤੇ ਸਜਾਵਟੀ ਮੱਛੀਆਂ ਦਾ ਪ੍ਰਦਰਸ਼ਨ ਕੀਤਾ, ਉਥੇ ਉਨਾਂ ਨੇ ਖਾਰੇ ਪਾਣੀ ਵਿੱਚ ਮੱਛੀ ਪਾਲਣ ਅਤੇ ਝੀਂਗਾ ਪਾਲਣ ਸਬੰਧੀ ਵੀ ਜਾਣਕਾਰੀ ਪ੍ਰਦਾਨ ਕੀਤੀ। ਡਕਵੀਡ ਅਤੇ ਅਜ਼ੋਲਾ ਨੂੰ ਮੱਛੀ ਦੀ ਫੀਡ ਅਤੇ ਪਸ਼ੂ ਆਹਾਰ ਦੇ ਤੌਰ `ਤੇ ਕਿਵੇਂ ਵਰਤਿਆ ਜਾ ਸਕਦਾ ਹੈ ਉਸ ਸਬੰਧੀ ਉਨ੍ਹਾਂ ਨੂੰ ਪੂਰਨ ਜਾਣਕਾਰੀ ਦਿੱਤੀ ਗਈ।ਪਸ਼ੂ ਆਹਾਰ ਵਿਭਾਗ ਵੱਲੋਂ ਤਿਆਰ ਕੀਤੇ ਗਏ ਇਲਾਕਾ ਆਧਾਰਿਤ ਧਾਤਾਂ ਦੇ ਮਿਸ਼ਰਣ, ਬਾਈ-ਪਾਸ ਫੈਟ ਅਤੇ ਪਸ਼ੂ ਚਾਟ ਸਬੰਧੀ ਪਸ਼ੂ ਪਾਲਕ ਵਿਸ਼ੇਸ਼ ਖਿੱਚ ਰੱਖਦੇ ਸਨ।ਉਨਾਂ ਵੱਡੀ ਮਾਤਰਾ ਵਿੱਚ ਇਨਾਂ ਪਦਾਰਥਾਂ ਨੂੰ ਖਰੀਦਣ ਵਿਚ ਰੁਚੀ ਵਿਖਾਈ। ਕਾਲਜ ਆਫ ਡੇਅਰੀ ਅਤੇ ਫ਼ੂਡ ਸਾਇੰਸ ਤਕਨਾਲੋਜੀ ਦੇ ਡੇਅਰੀ ਪਲਾਂਟ ਵਿੱਚ ਤਿਆਰ ਕੀਤੀ ਭਿੰਨ-ਭਿੰਨ ਤਰ੍ਹਾਂ ਦੀ ਮਿੱਠੀ ਅਤੇ ਨਮਕੀਨ ਲੱਸੀ, ਦੁੱਧ, ਪਨੀਰ, ਢੋਡਾ ਬਰਫੀ, ਅਤੇ ਹੋਰ ਕਈ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਮੇਲੇ ਵਿੱਚ ਆਏ ਲੋਕਾਂ ਨੇ ਇਸ ਦਾ ਭਰਪੂਰ ਆਨੰਦ ਮਾਣਿਆ।ਪਸ਼ੂਧਨ ਉਤਪਾਦ ਵਿਭਾਗ ਵੱਲੋਂ ਤਿਆਰ ਕੀਤੇ ਗਏ ਉਤਪਾਦ ਜਿਵੇਂ ਮੀਟ ਦੀਆਂ ਪੈਟੀਆਂ, ਮੀਟ ਤੇ ਆਂਡਿਆਂ ਦਾ ਆਚਾਰ ਖਰੀਦਣ ਅਤੇ ਉਨਾਂ ਨੂੰ ਬਨਾਉੇਣ ਦੀਆਂ ਵਿਧੀਆਂ ਜਾਨਣ ਲਈ ਵੀ ਜਗਿਆਸਾ ਜ਼ਾਹਰ ਕੀਤੀ।ਇਸ ਵਿਭਾਗ ਨੇ ਮੀਟ ਅਤੇ ਆਂਡਿਆਂ ਦੀਆਂ ਵਸਤਾਂ ਪੇਸ਼ ਕੀਤੀਆਂ ਸਨ।ਮਾਹਿਰਾਂ ਨੇ ਇਹ ਵੀ ਦੱਸਿਆ ਕਿ ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਯੂਨੀਵਰਸਿਟੀ ਨਾਲ ਰਾਬਤਾ ਰੱਖ ਕੇ ਸਿਖਲਾਈ ਵੀ ਲੈ ਸਕਦੇ ਹਨ। ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗ, ਮਿਲਕਫੈਡ, ਦਵਾਈਆਂ, ਟੀਕਿਆਂ ਦੀਆਂ ਫਰਮਾਂ ਅਤੇ ਦੁੱਧ ਪ੍ਰਾਸੈਸਿੰਗ ਮਸ਼ੀਨਰੀ ਵਾਲੀਆਂ ਕੰਪਨੀਆਂ ਨੇ ਆਪਣੇ ਸਟਾਲ ਲਗਾਏ ਹੋਏ ਸਨ।ਯੂਨੀਵਰਸਿਟੀ ਦੀ ਦੇਖ ਰੇਖ ਵਿੱਚ ਸਥਾਪਿਤ ਜਥੇਬੰਦੀਆਂ ਨੇ ਵੀ ਆਪਣੇ ਸਟਾਲ ਲਗਾ ਕੇ ਨਵੇਂ ਮੈਂਬਰਾਂ ਦੀ ਭਰਤੀ ਕੀਤੀ।ਯੂਨੀਵਰਸਿਟੀ ਦੇ ਅਧਿਕਾਰੀਆਂ, ਅਧਿਆਪਕਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਨੇ ਪੂਰੇ ਆਨੰਦ ਨਾਲ ਮੇਲੇ ਨੂੰ ਵੇਖਿਆ।ਪਸ਼ੂ ਪਾਲਕਾਂ ਨੇ ਮੇਲੇ ਵਿੱਚ ਭਰਵੀਂ ਹਾਜ਼ਰੀ ਲਗਵਾਈ, ਜਿਸ ਨਾਲ ਪਸ਼ੂ ਪਾਲਣ ਦੇ ਧੰਦਿਆਂ ਨੂੰ ਅਪਨਾਉਣ ਦੀ ਕਿਸਾਨਾਂ ਦੀ ਰੁਚੀ ਦਾ ਪਤਾ ਲਗਦਾ ਹੈ।ਮੇਲਾ 14 ਸਤੰਬਰ ਨੂੰ ਵੀ ਜਾਰੀ ਰਹੇਗਾ।