
- ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲੇਗਾ ਪੰਜਾਬ-
- ਕੈਬਨਿਟ ਮੰਤਰੀ ਨੇ ਹਲਕਾ ਲਹਿਰਾ ਦੇ ਵੱਖੋ ਵੱਖ ਸਰਕਾਰੀ ਸਕੂਲਾਂ ਵਿੱਚ ਕਰੀਬ 71 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਵਿਕਾਸ ਕਾਰਜ ਕੀਤੇ ਲੋਕ ਅਰਪਿਤ
ਲਹਿਰਾ, 22 ਮਈ 2025 : ਮੁੱਖ ਮੰਤਰੀ, ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਿੱਖਿਆ ਦੇ ਖੇਤਰ ਨੂੰ ਤਰਜੀਹੀ ਤੌਰ ਉੱਤੇ ਵਿਕਸਤ ਕਰਨ ਲਈ ਕੀਤੇ ਉਪਰਲਿਆਂ ਸਦਕਾ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਗਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੂਲੜ ਕਲਾਂ ਤੇ ਸਰਕਾਰੀ ਪ੍ਰਾਇਮਰੀ ਸਕੂਲ, ਚੂਲੜ ਕਲਾਂ ਵਿਖੇ 31 ਲੱਖ ਰੁਪਏ, ਸਰਕਾਰੀ ਹਾਈ ਸਕੂਲ ਸਲੇਮਗੜ੍ਹ ਵਿਖੇ 05 ਲੱਖ ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡੂਡੀਆਂ ਤੇ ਸਰਕਾਰੀ ਪ੍ਰਾਇਮਰੀ ਸਕੂਲ, ਡੂਡੀਆਂ ਵਿਖੇ 35 ਲੱਖ ਰੁਪਏ, ਕੁੱਲ ਕਰੀਬ 71 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਵਿਕਾਸ ਕਾਰਜ ਲੋਕ ਅਰਪਿਤ ਕਰਨ ਮੌਕੇ ਕੀਤਾ। ਇਹਨਾਂ ਸਕੂਲਾਂ ਵਿੱਚ ਵਿਕਾਸ ਪ੍ਰੋਜੈਕਟਾਂ ਨੂੰ ਲੋਕ ਅਰਪਿਤ ਕਰਨ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਜਿੰਨੇ ਵਿਕਾਸ ਦੇ ਕੰਮ 03 ਸਾਲਾਂ ਵਿੱਚ ਹੋਏ ਹਨ, ਓਨੇ ਕੰਮ ਪਿਛਲੇ 70 ਸਾਲ ਵਿੱਚ ਨਹੀਂ ਹੋਏ ਸਨ। ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸਕੂਲਾਂ ਦੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਸਿਖਲਾਈ ਲੈਣ ਲਈ ਦੇਸ਼ ਦੀਆਂ ਉੱਚ ਪੱਧਰੀ ਸੰਸਥਾਵਾਂ ਅਤੇ ਵਿਦੇਸ਼ਾਂ ਵਿੱਚ ਸਿਖਲਾਈ ਲਈ ਭੇਜਿਆ ਗਿਆ ਹੈ। ਪੰਜਾਬ ਸਰਕਾਰ ਲੋਕਾਂ ਨੂੰ ਦੇਸ਼ ਵਿੱਚੋਂ ਸਭ ਤੋਂ ਬਿਹਤਰੀਨ ਸਿੱਖਿਆ ਪ੍ਰਬੰਧ ਦੇਣ ਦਾ ਟੀਚਾ ਲੈ ਕੇ ਦਿਨ-ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ। ਸਰਕਾਰ ਵੱਲੋਂ ਕੀਤੇ ਯਤਨਾਂ ਦੇ ਸਾਰਥਕ ਸਿੱਟੇ ਨਿਕਲ ਕੇ ਸਾਹਮਣੇ ਆ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਨੂੰ ਬਿਹਤਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਜੇਕਰ ਮਾਪਿਆਂ, ਅਧਿਆਪਕਾਂ ਵਿਦਿਆਰਥੀਆਂ ਨੂੰ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਫੌਰੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ। ਸਿੱਖਿਆ ਖੇਤਰ ਸਬੰਧੀ ਹਰ ਸਮੱਸਿਆ ਫੌਰੀ ਤੌਰ 'ਤੇ ਹੱਲ ਕੀਤੀ ਜਾਵੇਗੀ। ਸ਼੍ਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਪਹਿਲ ਦੇ ਅਧਾਰ ਉੱਤੇ ਕੰਮ ਕਰ ਰਹੀ ਹੈ। ਜਿਸ ਸਦਕਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਨਤੀਜੇ ਬਹੁਤ ਹੀ ਵਧੀਆ ਆ ਰਹੇ ਹਨ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਚੰਗੇ ਕਰੀਅਰ ਬਣਾਉਣ ਵੱਲ ਅੱਗੇ ਵੱਧ ਰਹੇ ਹਨ। ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਰਜੀਹ ਦੇਣ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਜੋ ਸਟਾਫ ਨਿਯੁਕਤ ਕੀਤਾ ਜਾਂਦਾ, ਉਹ ਉੱਚ ਯੋਗਤਾ ਪ੍ਰਾਪਤ ਅਤੇ ਬਹੁਤ ਹੀ ਕਰੜੀ ਪ੍ਰੀਖਿਆ ਵਿੱਚੋਂ ਲੰਘ ਕੇ ਆਇਆ ਹੁੰਦਾ ਹੈ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਕੂਲਾਂ ਦੇ ਸਟਾਫ ਵੱਲੋਂ ਕੈਬਨਿਟ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪੀ.ਏ. ਰਾਕੇਸ਼ ਕੁਮਾਰ ਸਮੇਤ ਵੱਡੀ ਗਿਣਤੀ ਅਧਿਆਪਕ, ਸਕੂਲਾਂ ਦੇ ਪ੍ਰਿੰਸੀਪਲ, ਵਿਦਿਆਰਥੀ ਅਤੇ ਪਿੰਡ ਵਾਸੀ ਹਾਜ਼ਰ ਸਨ।