- ਪਿੰਡ ਢਿਲਵਾਂ, ਕੋਠੇ ਜੈਤਾਸਰ, ਜੈਮਲ ਸਿੰਘ ਵਾਲਾ, ਦਰਾਜ ਅਤੇ ਦਰਾਕਾ ਵਾਸੀ ਸਰਕਾਰੀ ਸਕੀਮਾਂ ਬਾਬਤ ਕੈਂਪ 'ਚ ਪੁੱਜਣ
ਬਰਨਾਲਾ, 6 ਅਗਸਤ 2024 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਉਨ੍ਹਾਂ ਦੇ ਘਰਾਂ ਦੇ ਨੇੜੇ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾਂ ਕਰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸ ਲੜੀ ਅਧੀਨ "ਸਰਕਾਰ ਤੁਹਾਡੇ ਦੁਆਰ" ਤਹਿਤ ਵਿਸ਼ੇਸ਼ ਕੈਂਪ ਭਲਕੇ 6 ਅਗਸਤ ਦਿਨ ਮੰਗਲਵਾਰ ਨੂੰ ਪਿੰਡ ਢਿਲਵਾਂ ਦੇ ਦੱਖਣ ਜੋੜੇ ਛੱਪੜ ਨੇੜੇ ਸਵੇਰੇ 9 ਵਜੇ ਤੋਂ ਲਗਾਇਆ ਜਾਵੇਗਾ। ਇਸ ਕੈਂਪ ‘ਚ ਪਿੰਡ ਢਿਲਵਾਂ, ਕੋਠੇ ਜੈਤਾਸਰ, ਜੈਮਲ ਸਿੰਘ ਵਾਲਾ, ਦਰਾਜ ਅਤੇ ਦਰਾਕਾ ਦੇ ਲੋਕਾਂ ਨੂੰ ਕੈਂਪ ਵਿੱਚ ਸਰਕਾਰੀ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਵੱਖ ਵੱਖ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਭਾਗਾਂ/ ਸ਼ਾਖਾਵਾਂ ਵੱਲੋਂ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਮੌਕੇ ਉੱਤੇ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਲੋੜ ਅਨੁਸਾਰ ਸਰਕਾਰੀ ਦਸਤਾਵੇਜ਼ ਵੀ ਤਿਆਰ ਕਰਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕੈਂਪ ਵਿੱਚ ਪ੍ਰਾਪਤ ਅਰਜ਼ੀਆਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਮੌਕੇ ਉੱਤੇ ਪੈਨ ਕਾਰਡ, ਆਧਾਰ ਕਾਰਡ ਅਤੇ ਪੀ.ਐਮ. ਕਿਸਾਨ ਨਿਧੀ ਕਾਰਡ, ਵਿਧਵਾ /ਆਸ਼ਰਤ, ਬੁਢਾਪਾ ਪੈਨਸ਼ਨ ਲਈ, ਕਿਰਤ ਵਿਭਾਗ ਦੀਆਂ ਸਕੀਮਾਂ, ਸ਼ਗਨ ਸਕੀਮ, ਰਿਹਾਇਸ਼ੀ ਪਤੇ 'ਚ ਸੋਧ ਕਰਵਾਉਣ ਲਈ, ਪੜ੍ਹਾਈ / ਖੇਤੀਬਾੜੀ / ਪਰਸਨਲ / ਘਰ ਲਈ ਕਰਜ਼ਿਆਂ ਸਬੰਧੀ, ਪੁਲਿਸ ਵੈਰੀਫਿਕੇਸ਼ਨ ਆਦਿ ਸਬੰਧੀ ਬੇਨਤੀ ਪੱਤਰ ਦਿੱਤੇ ਜਾ ਸਕਦੇ ਹਨ। ਉਨ੍ਹਾਂ ਇਨ੍ਹਾਂ ਪਿੰਡਾਂ ਦੇ ਵਾਸੀਆਂ ਨੂੰ ਕੈਂਪ ਦਾ ਲਾਹਾ ਲੈਣ ਦੀ ਅਪੀਲ ਕੀਤੀ।