- ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਕੀਤੀ ਵਿਸ਼ੇਸ਼ ਤੌਰ ਤੇ ਸ਼ਿਰਕਤ
ਫ਼ਰੀਦਕੋਟ 5 ਅਗਸਤ 2024 : ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਕਾਰ ਅਤੇ ਏਜੰਸੀ ਐਲਿਮਕੋ ਮੁਹਾਲੀ ਵੱਲੋਂ ਜਿਲਾ ਪ੍ਰਸ਼ਾਸ਼ਨ ਸਮਾਜਿਕ ਸੁਰੱਖਿਆ ਵਿਭਾਗ ਅਤੇ ਰੈੱਡ ਕਰਾਸ ਸ਼ਾਖਾ ਫਰੀਦਕੋਟ ਦੀ ਸਹਾਇਤਾ ਨਾਲ ਸਥਾਨਕ ਅਮਰ ਆਸ਼ਰਮ ਵਿੱਚ ਐਡਿਪ ਸਕੀਮ ਅਧੀਨ ਦਿਵਿਆਂਗਜਨਾਂ ਨੂੰ ਮੁਫਤ ਉਪਕਰਨਾਂ ਦੀ ਵੰਡ ਕੀਤੀ ਗਈ। ਜਿਸ ਵਿੱਚ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਇਨ੍ਹਾਂ ਦੀ ਮਦਦ ਕਰਨਾ ਸਾਡਾ ਨੈਤਿਕ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਦਿਵਿਆਂਗਜਨਾਂ ਨੂੰ ਸਹਾਇਕ ਉਪਕਰਨਾਂ ਦੀ ਵੰਡ ਕਰਨਾ ਉਨ੍ਹਾ ਨੂੰ ਸਮਾਜ ਦੀ ਧਾਰਾ ਨਾਲ ਜੋੜਨ ਦਾ ਇੱਕ ਨਿੱਕਾ ਜਿਹਾ ਉਪਰਾਲਾ ਹੈ, ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋੜਵੰਦ ਦਿਵਿਆਂਗਣਾਂ ਨੂੰ ਜਰੂਰਤ ਅਨੁਸਾਰ ਟਰਾਈ ਸਾਈਕਲ, ਵੀਅਲ ਚੇਅਰ, ਫੜੀਆਂ ਅਤੇ ਕੰਨ ਤੇ ਲਗਾਉਣ ਵਾਲੀਆਂ ਮਸ਼ੀਨਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਿਵਿਆਂਗਣਾਂ ਨੂੰ ਬਣਦਾ ਮਾਨ ਸਨਮਾਨ ਦੇਣ ਅਤੇ ਇਨ੍ਹਾਂ ਦੀ ਮਦਦ ਲਈ ਅੱਗੇ ਆਉਣ। ਇਸ ਮੌਕੇ ਸਕੱਤਰ ਰੈੱਡ ਕਰਾਸ ਸ. ਮਨਦੀਪ ਸਿੰਘ ਮੌਂਗਾ ਨੇ ਕਿਹਾ ਕਿ ਅਲਿਮਕੋ ਅਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਪਿਛਲੇ ਸਮੇਂ ਵਿੱਚ ਕੈਂਪ ਲਗਾ ਕੇ 253 ਲੋੜਵੰਦ ਦਿਵਿਆਂਗਜਨਾਂ ਦੀ ਰਜਿਸਟਰੇਸ਼ਨ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਲਗਭਗ 74 ਲੱਖ ਦੀ ਰਾਸ਼ੀ ਨਾਲ 495 ਸਹਾਇਕ ਉਪਰਕਰਨਾਂ ਜਿੰਨਾ ਵਿੱਚ 120 ਮੋਟਰਾਈਜ਼ਡ ਟਰਾਈਸਾਈਕਲ, 77 ਟਰਾਈਸਾਈਕਲ, 27 ਵ੍ਹੀਲਚੇਅਰ, 08 ਕੰਨਾਂ ਦੀ ਮਸ਼ੀਨ, 05 ਬਰੇਲ ਕਿੱਟ, 01 ਬਰੇਲ ਕੈਨ, 04 ਸੁਗਮਿਆ ਕੈਨ, 180 ਬੈਸਾਖੀਆਂ, 08 ਰੋਲੇਟਰ, 21 ਛੜੀਆਂ, 01 ਸੀ.ਪੀ ਚੇਅਰ ਅਤੇ 43 ਨਕਲੀ ਅੰਗ ਅਤੇ ਕੈਲੀਪਰ ਆਦਿ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦਾ ਇੱਥੇ ਪੁਹੰਚਣ ਤੇ ਧੰਨਵਾਦ ਕੀਤਾ। ਸਟੇਜ ਸੈਕਟਰੀ ਦੀ ਭੂਮਿਕਾ ਸ. ਜਸਬੀਰ ਸਿੰਘ ਜੱਸੀ ਵੱਲੋਂ ਬਾਖੂਬੀ ਨਿਭਾਈ ਗਈ।