
- ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਲਗਾਏ ਕੈਂਪ ‘ਚ 250 ਮਰੀਜ਼ਾਂ ਨੇ ਲਿਆ ਲਾਹਾ
ਰਾਏਕੋਟ, 06 ਦਸੰਬਰ (ਰਘਵੀਰ ਸਿੰਘ ਜੱਗਾ) : ਸ੍ਰੀ ਗੁਰੁ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਕੌਮੀ ਪ੍ਰਧਾਨ ਬਲਵੀਰ ਕੌਰ ਰਾਏਕੋਟੀ ਦੀ ਅਗਵਾਈ ਹੇਠ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਨੇੜਲੇ ਪਿੰਡ ਜੌਹਲਾਂ ਵਿਖੇ ਗੁਰੁਦਆਰਾ ਨਾਨਕਸਰ ਠਾਠ ‘ਚ ਅੱਖਾਂ ਦੀਆਂ ਬਿਮਾਰੀਆਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਕੈਂਪ ਦੌਰਾਨ ਡਾਕਟਰਾਂ ਵੱਲੋਂ 250 ਦੇ ਮਰੀਜ਼ਾਂ ਦਾ ਚੈਕਅਪ ਕੀਤਾ ਗਿਆ ਅਤੇ 12 ਮਰੀਜ਼ਾਂ ਨੂੰ ਲੈੱਨਜ ਪਾਉਣ ਲਈ ਚੁਣਿਆ ਗਿਆ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਸਮਾਜ ਸੇਵੀ ਬਲਵਿੰਦਰ ਸਿੰਘ ਭੱਠਲ ਨੇ ਇਸ ਨੇਕ ਕਾਰਜ ਲਈ ਵਿਸ਼ਵ ਪੰਜਾਬੀ ਸਭਾ ਅਤੇ ਸ਼ੰਕਰਾ ਆਈ ਹਸਪਤਾਲ ਦਾ ਧੰਨਵਾਦ ਕਰਦਿਆਂ ਕਿਹਾ ਆਮ ਲੋਕ ਆਰਥਿਕ ਤੌਰ ਤੇ ਸਥਿਤੀ ਠੀਕ ਨਾ ਹੋਣ ਕਾਰਨ ਆਪਣਾ ਇਲਾਜ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਪਣੀ ਜਕੜ ਵਿੱਚ ਲੈ ਲੈਂਦੀਆਂ ਹਨ।ਉਨ੍ਹਾਂ ਕਿਹਾ ਕਿ ਲੋੜਵੰਦ ਲੋਕਾਂ ਲਈ ਅਜਿਹੇ ਕੈਂਪ ਸਭ ਤੋਂ ਜਿਆਦਾ ਕਾਰਗਰ ਸਿੱਧ ਹੁੰਦੇ ਹਨ, ਜਿੱਥੇ ਉਨ੍ਹਾਂ ਦਾ ਮੁਫਤ ਵਿੱਚ ਇਲਾਜ ਹੋ ਜਾਂਦਾ ਹੈ, ਜੋ ਇੱਕ ਬਹੁਤ ਸਲਾਘਾਯੋਗ ਕਦਮ ਹੈ। ਇਸ ਮੌਕੇ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਨੇ ਵਿਸ਼ਵ ਪੰਜਾਬੀ ਸਭਾ ਵੱਲੋਂ ਸਮੇਂ ਸਮੇਂ ਸਿਰ ਕਰਵਾਏ ਜਾਂਦੇ ਸਮਾਜ ਸੇਵੀ ਕੰਮਾਂ ਬਾਰੇ ਚਾਨਣਾਂ ਪਾਇਆ। ਉਨ੍ਹਾਂ ਦੱਸਿਆ ਕਿ ਜੌਹਲਾਂ ਵਿਖੇ ਲਗਾਏ ਕੈਂਪ ਵਿੱਚ ਜਿੱਥੇ 12 ਮਰੀਜ਼ਾਂ ਨੂੰ ਲੈੱਨਜ ਪਾਏ ਜਾਣੇ ਹਨ, ਉੱਥੇ ਲੋੜਵੰਦਾਂ ਨੂੰ ਦਵਾਈਆਂ ਤੇ ਐਨਕਾਂ ਵੀ ਦਿੱਤੀਆਂ ਗਈਆਂ ਹਨ। ਇਸ ਮੌਕੇ ਹਰਮੇਸ਼ ਸਿੰਘ, ਆਤਮਾ ਸਿੰਘ ਪ੍ਰਧਾਨ, ਹਰਬੰਸ ਸਿੰਘ, ਪ੍ਰਗਟ ਸਿੰਘ, ਸਰਬਜੀਤ ਸਿੰਘ, ਸੁਖਵੀਰ ਸਿੰਘ, ਗੁਰਪਿੰਦਰ ਸਿੰਘ, ਕਿਰਤਪਾਲ ਸਿੰਘ, ਚੰਨਪ੍ਰੀਤ ਸਿੰਘ, ਭਗਵਾਨ ਸਿੰਘ, ਇੰਦਰਜੀਤ ਸਿੰਘ ਗ੍ਰੰਥੀ, ਗੁਰਪ੍ਰੀਤ ਸਿੰਘ ਕੁਤਬਾ ਆਦਿ ਹਾਜ਼ਰ ਸਨ।