
ਲੁਧਿਆਣਾ, 03 ਫਰਵਰੀ 2025 : ਪੰਜਾਬ ਵਿੱਚ ਠੰਢ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ, ਉੱਥੇ ਹੀ ਸੜਕ, ਰੇਲ ਅਤੇ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਮੌਸਮ ਵਿਭਾਗ ਨੇ ਸੋਮਵਾਰ ਰਾਤ ਨੂੰ ਕੁਝ ਜ਼ਿਲ੍ਹਿਆਂ ਵਿੱਚ ਬੱਦਲਵਾਈ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ, ਸੋਮਵਾਰ ਨੂੰ ਹਿਮਾਚਲ ਅਤੇ ਕਸ਼ਮੀਰ ਵਿੱਚ ਬਰਫ਼ਬਾਰੀ ਅਤੇ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸਨੀਵਾਰ ਰਾਤ ਤੋਂ ਰਾਜ ਵਿੱਚ ਛਾਈ ਸੰਘਣੀ ਧੁੰਦ ਦਾ ਪ੍ਰਭਾਵ ਐਤਵਾਰ ਸਵੇਰੇ ਵੀ ਜਾਰੀ ਰਿਹਾ। ਬਹੁਤ ਘੱਟ ਦ੍ਰਿਸ਼ਟੀ ਕਾਰਨ, ਵਾਹਨ ਸੜਕਾਂ 'ਤੇ ਰੇਂਗਦੇ ਨਜ਼ਰ ਆ ਰਹੇ ਸਨ। ਕਈ ਰੇਲਗੱਡੀਆਂ ਵੀ ਦੇਰੀ ਨਾਲ ਪਹੁੰਚੀਆਂ, ਜਿਸ ਕਾਰਨ ਯਾਤਰੀਆਂ ਨੂੰ ਠੰਢ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਧੁੰਦ ਕਾਰਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਪੁਣੇ-ਅੰਮ੍ਰਿਤਸਰ ਉਡਾਣ ਰੱਦ ਕਰ ਦਿੱਤੀ ਗਈ। ਸ਼ਾਰਜਾਹ-ਅੰਮ੍ਰਿਤਸਰ ਏਅਰ ਇੰਡੀਆ ਦੀ ਉਡਾਣ ਅਤੇ ਦੁਬਈ-ਅੰਮ੍ਰਿਤਸਰ ਸਪਾਈਸ ਜੈੱਟ ਦੀ ਉਡਾਣ ਦੇਰੀ ਨਾਲ ਚੱਲੀ। ਸ੍ਰੀ ਮੁਕਤਸਰ ਸਾਹਿਬ ਵਿੱਚ ਪਿਛਲੇ ਦੋ ਦਿਨਾਂ ਤੋਂ ਫਿਰ ਸੰਘਣੀ ਧੁੰਦ ਪੈ ਰਹੀ ਹੈ। ਇਸ ਕਾਰਨ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡ ਧੁੰਦ ਦੀ ਚਿੱਟੀ ਚਾਦਰ ਨਾਲ ਢੱਕ ਗਏ। ਇਸ ਦੌਰਾਨ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਚਸ਼ਮਦੀਦਾਂ ਅਨੁਸਾਰ ਸਵੇਰੇ ਇੱਕ ਵਾਰ ਫਿਰ ਧੁੰਦ ਛਾਈ ਰਹੀ ਅਤੇ ਠੰਢੀ ਲਹਿਰ ਕਾਰਨ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਆਈ। ਇਸ ਕਾਰਨ ਲੋਕ ਇੱਕ ਵਾਰ ਫਿਰ ਕੰਬਦੇ ਦੇਖੇ ਗਏ।