- ਜੂਨ ਮਹੀਨੇ ਦੌਰਾਨ ਖਾਧ ਪਦਾਰਥਾਂ 'ਚ ਮਿਲਾਵਟ ਦੇ 2 ਕੇਸਾਂ 'ਚ 20 ਹਜ਼ਾਰ ਰੁਪਏ ਜੁਰਮਾਨਾ
ਬਰਨਾਲਾ, 9 ਜੁਲਾਈ : ਜ਼ਿਲ੍ਹਾ ਐਡਵਾਈਜ਼ਰੀ ਕਮੇਟੀ (ਫੂਡ ਸੇਫਟੀ) ਦੀ ਮੀਟਿੰਗ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਮਨਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸਿਹਤ ਵਿਭਾਗ ਤੋਂ ਇਲਾਵਾ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਖਾਧ ਸੁਰੱਖਿਆ ਮੁਹਿੰਮ ਦਾ ਜਾਇਜ਼ਾ ਲਿਆ। ਜ਼ਿਲ੍ਹਾ ਸਿਹਤ ਅਫ਼ਸਰ ਜਸਪ੍ਰੀਤ ਸਿੰਘ ਗਿੱਲ ਅਤੇ ਫੂਡ ਸੇਫਟੀ ਅਫ਼ਸਰ ਸੀਮਾ ਰਾਣੀ ਨੇ ਦੱਸਿਆ ਕਿ ਜੂਨ 2024 ਦੌਰਾਨ ਫੂਡ ਸੇਫਟੀ ਵਿਭਾਗ ਬਰਨਾਲਾ ਵੱਲੋਂ 18 ਲਾਇਸੈਂਸ, 66 ਰਜਿਸਟ੍ਰੇਸ਼ਨ ਜਾਰੀ ਕੀਤੇ ਜਾ ਚੁੱਕੇ ਹਨ। ਇਸ ਮਹੀਨੇ ਦੌਰਾਨ 3 ਲੀਗਲ ਨਮੂਨੇ ਅਤੇ 23 ਸਰਵੀਲੈਂਸ ਨਮੂਨੇ ਲਏ। ਫੂਡ ਸੇਫਟੀ ਟੀਮ ਬਰਨਾਲਾ ਵੱਲੋਂ 5 ਇੰਸਪੈਕਸ਼ਨਜ਼ ਕੀਤੀਆਂ ਗਈਆਂ ਹਨ ਤੇ ਕੁੱਲ 26 ਕੇਸ ਮਾਣਯੋਗ ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਦੀ ਅਦਾਲਤ ਵਿੱਚ ਦਾਇਰ ਕੀਤੇ ਗਏ ਹਨ। ਉਕਤ ਸਮੇਂ ਦੌਰਾਨ ਅਦਾਲਤ ਵੱਲੋਂ ਕੁੱਲ 2 ਕੇਸਾਂ ਦਾ ਫੈਸਲਾ ਸੁਣਾਇਆ ਜਾ ਚੁੱਕਾ ਹੈ ਜਿਸ ਵਿੱਚ ਅਦਾਲਤ ਵੱਲੋਂ ਕੁੱਲ 20,000 ਰੁਪਏ ਜੁਰਮਾਨਾ ਕੀਤਾ ਗਿਆ ਹੈ ਅਤੇ ਫੂਡ ਸੇਫਟੀ ਵਿਭਾਗ ਵੱਲੋਂ 18000 ਰੁਪਏ ਜੁਰਮਾਨਾ ਰਾਸ਼ੀ ਰਿਕਵਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨਰ ਫੂਡ ਅਤੇ ਡਰੱਗਜ਼ ਐਡਮਿਨੀਸਟ੍ਰੇਸ਼ਨ ਪੰਜਾਬ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਫੂਡ ਸੇਫਟੀ ਵੈਨ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਜੂਨ 2024 ਦੌਰਾਨ ਫੂਡ ਸੇਫਟੀ ਵੈਨ ਦੁਆਰਾ ਕੁੱਲ 20 ਸੈਂਪਲ ਟੈਸਟ ਕੀਤੇ ਗਏ ਹਨ।