- ਕਿਹਾ, ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ
ਬਰਨਾਲਾ, 9 ਅਗਸਤ 2024 : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਵਲੋਂ ਦਿਲ ਦੇ ਦੌਰੇ ਅਤੇ ਅਧਰੰਗ ਦੇ ਮਰੀਜ਼ਾਂ ਨੂੰ ਲੱਗਣ ਵਾਲੇ ਮਹਿੰਗੇ ਟੀਕੇ ਦੀ ਸਹੂਲਤ ਸਿਵਲ ਹਸਪਤਾਲ ਬਰਨਾਲਾ ਵਿੱਚ ਮੁਫ਼ਤ ਦਿੱਤੀ ਜਾ ਰਹੀ ਹੈ। ਇਹ ਪ੍ਰਗਟਾਵਾ ਕਰਦੇ ਹੋਏ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਸ੍ਰੀ ਰਾਮ ਤੀਰਥ ਮੰਨਾ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਭਲਾਈ ਸਕੀਮਾਂ ਦਾ ਲਾਭ ਲੋਕਾਂ ਨੂੰ ਲਗਾਤਾਰ ਮੁਹਈਆ ਕਰਵਾਇਆ ਜਾ ਰਿਹਾ ਹੈ। ਅਜਿਹੇ ਇਕ ਸਟੈਮੀ ਪੰਜਾਬ ਪ੍ਰੋਜੈਕਟ ਤਹਿਤ ਦਿਲ ਦੇ ਦੌਰੇ ਅਤੇ ਅਧਰੰਗ ਦੇ ਮਰੀਜ਼ਾਂ ਨੂੰ ਲੱਗਣ ਵਾਲੇ ਮਹਿੰਗੇ ਟੀਕੇ ਦੀ ਸਹੂਲਤ ਸਿਵਲ ਹਸਪਤਾਲ ਬਰਨਾਲਾ ਵਿੱਚ ਮੁਫ਼ਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦਿਲ ਦੇ ਦੌਰੇ ਅਤੇ ਅਧਰੰਗ ਦੇ ਮਰੀਜ਼ਾਂ ਨੂੰ ਰੈਫਰ ਕਰਨਾ ਪੈਂਦਾ ਸੀ ਪਰ ਹੁਣ ਐਲਟੀਪਲੇਸ ਟੀਕੇ ਨਾਲ ਮਰੀਜ਼ਾਂ ਦੇ ਦਿਲ ਦੀ ਬਲਾਕੇਜ ਆਦਿ ਦਾ ਸ਼ੁਰੂਆਤੀ ਪੱਧਰ 'ਤੇ ਹੀ ਇਲਾਜ ਹੋਣ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਕਰੀਬ 35 ਹਜ਼ਾਰ ਤੋਂ ਵੱਧ ਕੀਮਤ ਵਾਲੇ ਇਹ ਟੀਕੇ ਦੀ ਸਹੂਲਤ ਸਿਵਲ ਹਸਪਤਾਲ ਬਰਨਾਲਾ 'ਚ ਮੁਫ਼ਤ ਹੈ। ਉਨ੍ਹਾਂ ਕਿਹਾ ਕਿ ਇਸ ਸਟੈਮੀ ਪੰਜਾਬ ਪ੍ਰੋਜੈਕਟ ਦੀ ਸ਼ੁਰੂਆਤ ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਵਿੱਚ ਕੀਤੀ ਗਈ ਹੈ ਤੇ ਪਹਿਲਾਂ ਇਹ ਸਹੂਲਤ ਸਿਫ਼ਤ ਲੁਧਿਆਣਾ ਅਤੇ ਪਟਿਆਲਾ ਆਦਿ ਹਸਪਤਾਲ ਵਿੱਚ ਹੀ ਸੀ ਤੇ ਹੁਣ ਬਰਨਾਲਾ ਸਿਵਲ ਹਸਪਤਾਲ ਵਿਚ ਵੀ ਹੈ ਤਾਂ ਜੋ ਮਹਿੰਗਾ ਇਲਾਜ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਕੇਸ ਵਿੱਚ ਸਮੇਂ ਸਿਰ ਸਿਵਲ ਹਸਪਤਾਲ ਬਰਨਾਲਾ ਵਿਖੇ ਰਾਬਤਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਫੰਡਾਂ ਦੀ ਵੀ ਕੋਈ ਕਮੀ ਨਹੀਂ ਛੱਡੀ ਜਾ ਰਹੀ।