ਲੁਧਿਆਣਾ, 26 ਮਾਰਚ : ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀਆਂ ਹਦਾਇਤਾਂ 'ਤੇ ਨਜਾਇਜ਼ ਸ਼ਰਾਬ ਵਿਰੁੱਧ ਵਿੱਢੀ ਮੁਹਿੰਮ ਨੂੰ ਜਾਰੀ ਰੱਖਦਿਆਂ ਆਬਕਾਰੀ ਵਿਭਾਗ ਅਤੇ ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਸਤਲੁਜ ਦਰਿਆ ਦੇ ਕੰਢੇ ਪੈਂਦੇ ਇਲਾਕਿਆਂ ਵਿੱਚ 6000 ਲੀਟਰ ਲਾਹਣ ਬਰਾਮਦ ਕੀਤੀ। ਏ.ਸੀ.ਪੀ. ਪੂਰਬੀ ਸੰਦੀਪ ਸਿੰਘ, ਆਬਕਾਰੀ ਅਧਿਕਾਰੀ ਪ੍ਰੀਤ ਭੁਪਿੰਦਰ ਸਿੰਘ, ਆਬਕਾਰੀ ਇੰਸਪੈਕਟਰ ਗੁਰਪ੍ਰੀਤ ਢੀਂਡਸਾ, ਨਵਦੀਪ ਸਿੰਘ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਦੀ ਸਾਂਝੀ ਟੀਮ ਨੇ ਛਾਪੇਮਾਰੀ ਕੀਤੀ। ਤਲਾਸ਼ੀ ਦੌਰਾਨ ਟੀਮ ਨੂੰ ਦੋ ਲੋਹੇ ਦੇ ਡਰੰਮ ਅਤੇ ਪੰਜ ਪਲਾਸਟਿਕ ਦੀਆਂ ਤਰਪਾਲਾਂ ਬਰਾਮਦ ਹੋਈਆਂ, ਜਿਸ ਵਿੱਚ ਕਰੀਬ 6000 ਲੀਟਰ ਨਾਜਾਇਜ਼ ਲਾਹਣ ਸੀ। ਲਾਹਣ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਲੁਧਿਆਣਾ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਜਿਸਦੇ ਤਹਿਤ ਚੋਣਾਂ ਦੌਰਾਨ ਸ਼ਾਂਤਮਈ ਮਾਹੌਲ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।