ਫਿਲੌਰ : ਸਾਬਕਾ ਸਪੀਕਰ ਅਤੇ ਸੀਨੀਅਰ ਅਕਾਲੀ ਆਗੂ ਐਡਵੋਕੇਟ ਚਰਨਜੀਤ ਸਿੰਘ ਅਟਵਾਲ ਦੀ ਗੱਡੀ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ’ਚ ਉਹ ਵਾਲ-ਵਾਲ ਬਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦਿਨ ਸ਼ੁੱਕਰਵਾਰ 25 ਨਵੰਬਰ ਦੇਰ ਸ਼ਾਮ ਸਾਢੇ ਛੇ ਵਜੇ ਸਾਬਕਾ ਲੋਕ ਸਭਾ ਸਪੀਕਰ ਚਰਨਜੀਤ ਅਟਵਾਲ ਆਪਣੇ ਫਾਰਮ ਹਾਊਸ ਤੋਂ ਵਾਪਸ ਆਪਣੇ ਘਰ ਜਾ ਰਹੇ ਸਨ, ਜਿਵੇਂ ਹੀ ਉਨ੍ਹਾਂ ਦੀ ਕਾਰ ਫਿਲੌਰ ਦੇ ਨਜ਼ਦੀਕ ਗੜ੍ਹਾ ਰੋਡ ਕੋਲ ਪੁੱਜੀ ਤਾਂ ਦੂਸਰੇ ਪਾਸਿਓਂ ਮੋਟਰਸਾਈਕਲ ਚਾਲਕ ਅਚਾਨਕ ਉਨ੍ਹਾਂ ਦੀ ਕਾਰ ਅੱਗੇ ਆ ਗਿਆ, ਜਿਸ ਨਾਲ ਉਨ੍ਹਾਂ ਦੀ ਕਾਰ ਟਕਰਾ ਕੇ ਬੁਰੀ ਤਰ੍ਹਾਂ ਨਾਲ ਦੁਰਘਟਨਾਗ੍ਰਸਤ ਹੋ ਗਈ। ਉਕਤ ਘਟਨਾ ’ਚ ਕਿਸੇ ਦੇ ਵੀ ਗੰਭੀਰ ਸੱਟਾਂ ਨਹੀਂ ਲੱਗੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਫਿਲੌਰ ਪੁਲਸ ਦੇ ਥਾਣੇਦਾਰ ਵਿਜੇ ਕੁਮਾਰ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੂੰ ਅਟਵਾਲ ਨੇ ਕਿਸੇ ਵੀ ਤਰ੍ਹਾਂ ਦੀ ਪੁਲਸ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਦੂਜੀ ਕਾਰ ਮੰਗਵਾ ਕੇ ਉਨ੍ਹਾਂ ਨੂੰ ਲੁਧਿਆਣਾ ਨੂੰ ਰਵਾਨਾ ਕਰ ਦਿੱਤਾ।