ਨਸ਼ਾ ਮੁਕਤੀ ਯਾਤਰਾ ਤਹਿਤ ਸਮਸ਼ਾਬਾਦ, ਗੰਜੂਆਣਾ ਅਤੇ ਸਲੇਮਸ਼ਾਹ ਵਿਖੇ ਸਮਾਗਮ ਦਾ ਆਯੋਜਨ

  • ਹਰ ਨਾਗਰਿਕ ਸਮਾਜ ਨੂੰ ਵੀ ਇਸ ਬੁਰਾਈ ਤੋਂ ਮੁਕਤ ਕਰਵਾਉਣ ਵਿੱਚ ਆਪਣੀ ਭੂਮਿਕਾ ਨਿਭਾਵੇ- ਨਰਿੰਦਰ ਪਾਲ ਸਿੰਘ ਸਵਨਾ

ਫਾਜ਼ਿਲਕਾ, 23 ਮਈ 2025 : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਨੂੰ ਲੋਕਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ ਅਤੇ ਨਸ਼ਿਆਂ ਦਾ ਸੇਵਨ ਕਰਨ ਵਾਲੇ ਨੌਜਵਾਨ ਵੀ ਸਵੈ ਇੱਛਾ ਨਾਲ ਨਸ਼ਿਆਂ ਦਾ ਤਿਆਗ ਕਰ ਰਹੇ ਹਨ। ਇਹ ਪ੍ਰਗਟਾਵਾ ਹਲਕਾ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਸਮਸ਼ਾਬਾਦ, ਗੰਜੂਆਣਾ ਅਤੇ ਸਲੇਮਸ਼ਾਹ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਆਯੋਜਿਤ ਕੀਤੇ ਸਮਾਗਮ ਦੌਰਾਨ ਕੀਤਾ। ਵਿਧਾਇਕ ਸ੍ਰੀ ਸਵਨਾ ਨੇ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਦਾ ਮੰਤਵ ਸਮੂਹ ਵਰਗਾਂ ਦੇ ਸਹਿਯੋਗ ਨਾਲ ਨਸ਼ਿਆਂ ਦਾ ਖਾਤਮਾ ਕਰਨਾ ਹੈ ਅਤੇ ਹਰੇਕ ਪਿੰਡ ਤੇ ਹਰੇਕ ਗਲੀ ਨੂੰ ਨਸ਼ਾ ਮੁਕਤ ਕਰਨਾ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿਥੇ ਨਸ਼ਿਆਂ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਕੇ ਸੂਬੇ ਵਿੱਚੋਂ ਨਸ਼ਿਆਂ ਦਾ ਮੁਕੰਮਲ ਤੌਰ ਤੇ ਖਾਤਮਾ ਕਰ ਰਹੀ ਹੈ ਉੱਥੇ ਹੀ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਨੌਜਵਾਨਾਂ ਦਾ ਨਸ਼ਾ ਛੁਡਵਾ ਕੇ ਉਹਨਾਂ ਨੂੰ ਮੁੜ ਤੋਂ ਆਪਣੇ ਪੈਰਾਂ ਤੇ ਖੜੇ ਵੀ ਕਰ ਰਹੀ ਤਾਂ ਜੋ ਉਹ ਸਮਾਜ ਵਿੱਚ ਬਿਹਤਰ ਜਿੰਦਗੀ ਬਤੀਤ ਕਰ ਸਕਣ।  ਇਸ ਮੌਕੇ  ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਵੀ ਇਸ ਬੁਰਾਈ ਤੋਂ ਮੁਕਤ ਕਰਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ। ਇਸ ਉਪਰੰਤ ਸ੍ਰੀ ਸਵਨਾ ਨੇ ਲੋਕਾਂ ਨੂੰ ਆਪਣੇ ਪਿੰਡਾਂ 'ਚ ਨਸ਼ਾ ਨਾ ਵਿਕਣ ਦੇਣ ਅਤੇ ਉਨ੍ਹਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਪ੍ਰਤੀ ਸਹੁੰ ਵੀ ਚੁਕਾਈ।

ਵਾਲੀਬਾਲ ਗਰਾਉਂਡ ਦਾ ਕੀਤਾ ਉਦਘਾਟਨ
ਇਸ ਦੌਰਾਨ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਢਾਣੀ ਹਰਦਿੱਤ ਸਿੰਘ ਵਿਖ਼ੇ 5 ਲੱਖ ਰੁਪਏ ਲਾਗਤ ਨਾਲ ਬਣਾਏ ਗਏ ਵਾਲੀਬਾਲ ਗਰਾਉਂਡ ਦਾ ਉਦਘਾਟਨ ਕਰ ਲੋਕ ਅਰਪਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸਦਾ ਉਦੇਸ਼ ਹੈ ਕਿ ਸਾਡੇ ਨੌਜਵਾਨਾਂ ਨੂੰ ਖੇਡ ਸਭਿਆਚਾਰ ਨਾਲ ਜੋੜਿਆ ਜਾਵੇ ਅਤੇ ਨੌਜਵਾਨ ਬੁਰੀਆਂ ਆਦਤਾਂ ਤੋਂ ਦੂਰ ਰਹਿਣ । ਉਨ੍ਹਾਂ ਨੇ ਕਿਹਾ ਕਿ ਇਸੇ ਸੋਚ ਨਾਲ ਪਿੰਡ ਪਿੰਡ ਖੇਡ ਮੈਦਾਨ ਬਣਾਏ ਜਾ ਰਹੇ ਹਨ।