ਬਠਿੰਡਾ 'ਚ ਪੁੱਤ ਨੇ ਪਿਉ ਦਾ ਗੋਲੀ ਮਾਰ ਕੇ ਕੀਤਾ ਕਤਲ, ਘਰ ਵਿਚ ਹੀ ਕੀਤਾ ਸੰਸਕਾਰ

ਬਠਿੰਡਾ 23 ਮਈ 2025 : ਪਿਛਲੇ ਕੁੱਝ ਦਿਨਾਂ ਤੋਂ ਬਠਿੰਡਾ ਪੱਟੀ 'ਚ ਖੂਨ ਦੇ ਰਿਸ਼ਤਿਆਂ ਦੇ ਹੋ ਰਹੇ ਘਾਣ ਵਿਚ ਹੁਣ ਇੱਕ ਹੋਰ ਨਾਮ ਜੁੜ ਗਿਆ ਹੈ। ਜ਼ਿਲ੍ਹੇ ਦੇ ਥਾਣਾ ਥਰਮਲ ਅਧੀਨ ਪੈਂਦੇ ਪਿੰਡ ਸਿਵੀਆਂ 'ਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪੁੱਤਰ ਵੱਲੋਂ ਹੀ ਆਪਣੇ ਪਿਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਕਤਲ ਤੋਂ ਬਾਅਦ ਘਰ ਵਿਚ ਸੰਸਕਾਰ ਕਰ ਦਿੱਤਾ। 20 ਮਈ ਦੀ ਸਿਖ਼ਰ ਦੁਪਿਹਰ ਕਰੀਬ 3 ਵਜੋਂ ਵਾਪਰੀ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੂਜੇ ਦਿਨ ਮਿਲੀ। ਜਦ ਪੜਤਾਲ ਕੀਤੀ ਤਾਂ ਮਾਮਲਾ ਸੱਚ ਨਿਕਲਿਆ। ਜਿਸਤੋਂ ਬਾਅਦ ਪੁਲਿਸ ਨੇ ਮੁਲਜਮ ਯਾਦਵਿੰਦਰ ਸਿੰਘ 49 ਸਾਲ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਕਤਲ ਲਈ 12 ਬੋਰ ਦੀ ਰਾਈਫ਼ਲ ਹਾਲੇ ਬਰਾਮਦ ਕਰਨੀ ਬਾਕੀ ਹੈ। ਮ੍ਰਿਤਕ ਦੀ ਪਹਿਚਾਣ 70 ਸਾਲਾ ਬੀਰਿੰਦਰ ਸਿੰਘ ਬੀਰ ਵਜੋਂ ਹੋਈ ਹੈ। ਥਾਣਾ ਥਰਮਲ ਦੇ ਐਸਐਚਓ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਪਿਤਾ-ਪੁੱਤਰ ਵਿਚਕਾਰ ਜਮੀਨ ਅਤੇ ਪੈਸਿਆਂ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਉਨ੍ਹਾਂ ਦਸਿਆ ਕਿ ਮੁਲਜਮ ਵਿਰੁਧ ਬੀਐਨਐਸ ਦੀ ਧਾਰਾ 103 ਅਤੇ 25,27,54,59 ਆਰਮਜ਼ ਐਕਟ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਉਧਰ, ਇਹ ਵੀ ਪਤਾ ਚੱਲਿਆ ਹੈ ਕਿ ਯਾਦਵਿੰਦਰ ਸਿੰਘ ਦਾ ਆਪਣੀ ਪਤਨੀ ਦੇ ਨਾਲ ਤਲਾਕ ਦਾ ਕੇਸ ਚੱਲਦਾ ਸੀ ਜਦਕਿ ਉਸਦਾ ਇੱਕ ਭਰਾ ਕੈਨੇਡਾ ਦੇ ਵਿਚ ਰਹਿੰਦਾ ਹੈ। ਘਰ ਵਿਚ ਹੁਣ ਮੁਲਜ਼ਮ ਯਾਦਵਿੰਦਰ ਤੇ ਉਸਦੇ ਮਾਂ-ਬਾਪ ਹੀ ਰਹਿੰਦੇ ਸਨ। ਇਹ ਮਾਮਲਾ ਪਿੰਡ ਅਤੇ ਇਲਾਕੇ 'ਚ ਸੋਗ ਅਤੇ ਹੈਰਾਨੀ ਦਾ ਕਾਰਨ ਬਣਿਆ ਹੋਇਆ ਹੈ।