ਡੇਰਾਬੱਸੀ 'ਚ ਗੈਂਗਸਟਰ ਗੋਲਡੀ ਬਰਾੜ ਦੇ ਗੁਰਗੇ ਦਾ ਐਨਕਾਊਂਟਰ, ਦੋ ਕਾਰਕੁਨ ਗ੍ਰਿਫ਼ਤਾਰ 

ਐਸਏਐਸ ਨਗਰ, 12 ਅਪ੍ਰੈਲ 2025 : ਐਸਏਐਸ ਨਗਰ ਪੁਲਿਸ ਨੇ ਡੇਰਾ-ਬੱਸੀ ਦੇ ਲਾਲੜੂ ਵਿੱਚ ਇੱਕ ਸੰਖੇਪ ਗੋਲੀਬਾਰੀ ਤੋਂ ਬਾਅਦ ਵਿਦੇਸ਼ੀ-ਅਧਾਰਤ ਅੱਤਵਾਦੀ ਗੋਲਡੀ ਬਰਾੜ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਮੁਲਜ਼ਮਾਂ ਨੇ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਪਾਰਟੀ 'ਤੇ ਗੋਲੀਬਾਰੀ ਕੀਤੀ। ਹਾਲਾਂਕਿ, ਪੁਲਿਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਕਾਬੂ ਕਰ ਲਿਆ। ਗੋਲੀਬਾਰੀ ਦੌਰਾਨ ਇੱਕ ਸ਼ੱਕੀ ਜ਼ਖਮੀ ਹੋ ਗਿਆ ਅਤੇ ਉਸਨੂੰ ਨਜ਼ਦੀਕੀ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਗੋਲਡੀ ਬਰਾੜ ਅਤੇ ਭਾਨੂ ਰਾਣਾ ਦੇ ਨਿਰਦੇਸ਼ਾਂ 'ਤੇ ਇਹ ਦੋਵੇਂ ਇੱਕ ਇਮੀਗ੍ਰੇਸ਼ਨ ਦਫਤਰ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਸਤੰਬਰ 2024 ਵਿੱਚ ਵੀ ਇਸੇ ਦਫਤਰ ਨੂੰ ਗਿਰੋਹ ਨੇ ਨਿਸ਼ਾਨਾ ਬਣਾਇਆ ਸੀ। 8 ਅਪ੍ਰੈਲ ਨੂੰ, ਉਸੇ ਜਗ੍ਹਾ 'ਤੇ ਦੁਬਾਰਾ 50 ਲੱਖ ਰੁਪਏ ਦੀ ਫਿਰੌਤੀ ਪਰਚੀ ਸੁੱਟੀ ਗਈ ਸੀ। ਜ਼ਿਕਰ ਕਰ ਦਈਏ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਯੂਏਪੀਏ ਤਹਿਤ ਅੱਤਵਾਦੀ ਘੋਸ਼ਿਤ ਕੀਤਾ ਹੈ। ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਉਸਦੇ ਸਬੰਧ ਸਾਹਮਣੇ ਆਏ ਸਨ। ਗੋਲਡੀ ਬਰਾੜ ਨੂੰ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸੱਜਾ ਹੱਥ ਦੱਸਿਆ ਗਿਆ ਹੈ। ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ। ਗੋਲਡੀ ਬਰਾੜ ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ਸਬ-ਇੰਸਪੈਕਟਰ ਦਾ ਪੁੱਤਰ ਹੈ। ਆਪਣੇ ਭਰਾ ਦੇ ਕਤਲ ਤੋਂ ਬਾਅਦ ਉਹ ਗੈਂਗਸਟਰ ਬਣ ਗਿਆ। ਹੁਣ ਉਹ ਚਿਹਰੇ ਬਦਲ ਕੇ ਅਪਰਾਧ ਕਰਦਾ ਰਹਿੰਦਾ ਹੈ। ਉਸਨੇ ਭਾਰਤ ਵਿੱਚ ਅਜਿਹੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ।