
ਸ੍ਰੀ ਫਤਿਹਗੜ੍ਹ ਸਾਹਿਬ, 13 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਮਾਤਾ ਗੁਜਰੀ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਵਿਭਾਗ ਵਿਖੇ ਪੜ੍ਹਾਈ ਕਰ ਰਹੇ ਆਖਰੀ ਸਾਲ ਦੇ ਵਿਦਿਆਰਥੀਆਂ ਦਾ ਰਾਵੇ ਪ੍ਰੋਗਰਾਮ ਦੇ ਤਹਿਤ ਪਿੰਡ ਖੰਟ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਡਰੈਗਨ ਫਰੂਟ ਦੀ ਕਾਸ਼ਤ ਕਰਦੇ ਅਗਾਂਹਵਧੂ ਕਿਸਾਨ ਸ. ਜਸਵਿੰਦਰ ਸਿੰਘ ਦੇ ਕਿਸਾਨ ਡਰੈਗਨ ਫਰੂਟ ਫਾਰਮ ਦਾ ਵਿਸ਼ੇਸ਼ ਦੌਰਾ ਕਰਵਾਇਆ ਗਿਆ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿੱਦਿਅਕ ਦੌਰੇ ਜਿੱਥੇ ਵਿਦਿਆਰਥੀਆਂ ਦੇ ਵਿਹਾਰਕ ਅਤੇ ਵਿਵਹਾਰਕ ਗਿਆਨ ਵਿੱਚ ਵਾਧਾ ਕਰਦੇ ਹਨ, ਉਥੇ ਉਨ੍ਹਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਹੋਰ ਸਹਾਇਕ ਧੰਦਿਆਂ ਸੰਬੰਧੀ ਵੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਅਗਾਂਹਵਧੂ ਕਿਸਾਨ ਸ. ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਵੀ ਖੇਤੀਬਾੜੀ ਦੀਆਂ ਰਵਾਇਤੀ ਫ਼ਸਲਾਂ ਨੂੰ ਛੱਡ ਕੇ ਡਰੈਗਨ ਫਰੂਟ ਦੀ ਕਾਸ਼ਤ ਕਰਕੇ ਆਪਣੀ ਆਮਦਨ ਤਿਆਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 9 ਸਾਲਾਂ ਤੋਂ ਡਰੈਗਨ ਫਰੂਟ ਦੀ ਖੇਤੀ ਅਤੇ ਇਸ ਦੀ ਨਰਸਰੀ ਨੂੰ ਵੇਚ ਕੇ ਵਧੀਆ ਮੁਨਾਫ਼ਾ ਕਮਾ ਰਹੇ ਹਨ ਅਤੇ ਉਨ੍ਹਾਂ ਨਾਲ ਹੋਰ ਵੀ ਕਈ ਕਿਸਾਨ ਜੁੜੇ ਹੋਏ ਹਨ ਜੋ ਇੱਕ ਗਰੁੱਪ ਦੀ ਤਰ੍ਹਾਂ ਮਿਲ ਕੇ ਡਰੈਗਨ ਫਰੂਟ ਦੀ ਖੇਤੀ ਕਰਦੇ ਹਨ। ਉਨਾਂ ਨੇ ਵਿਦਿਆਰਥੀਆਂ ਨੂੰ ਡਰੈਗਨ ਫਰੂਟ ਦੀ ਕਾਸ਼ਤ ਵਿੱਚ ਮਿਲਣ ਵਾਲੀਆਂ ਸਬਸਿਡੀਆਂ ਅਤੇ ਨਵੀਆਂ ਤਕਨੀਕਾਂ ਬਾਰੇ ਵੀ ਜਾਣੂ ਕਰਵਾਇਆ। ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਸੰਤੋਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਅਜਿਹੇ ਵਿੱਦਿਅਕ ਦੌਰਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਦੌਰੇ ਦੌਰਾਨ ਖੇਤੀਬਾੜੀ ਵਿਭਾਗ ਦੇ ਪ੍ਰੋ. ਬਵਦੀਪ ਸਿੰਘ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ।