ਸਿੱਖਿਆ ਮਨੁੱਖ ਦਾ ਤੀਜਾ ਨੇਤਰ ਹੈ : ਦੀਦਾਰ ਸਿੰਘ ਮਾਂਗਟ

ਸ੍ਰੀ ਫਤਿਹਗੜ੍ਹ ਸਾਹਿਬ, 17 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸਿੱਖਿਆ ਮਨੁੱਖ ਦਾ ਤੀਜਾ ਨੇਤਰ ਹੈ, ਪਰਮਾਤਮਾ ਵੱਲੋਂ ਹਰ ਇਨਸਾਨ ਨੂੰ ਦੋ ਅੱਖਾਂ ਦਿੱਤੀਆਂ ਜਾਂਦੀਆਂ ਹਨ। ਅਜਿਹੇ ਵਿੱਚ ਵਿਦਿਆਰਥੀ ਲਗਨ ਨਾਲ ਪੜ੍ਹਾਈ ਕਰਕੇ ਚੰਗਾ ਮੁਕਾਮ ਹਾਸਲ ਕਰਦੇ ਹਨ। ਉਹਨਾਂ ਦੀ ਸਫਲਤਾ ਦੇ ਵਿੱਚ ਸਿੱਖਿਆ ਮਨੁੱਖ ਦੇ ਤੀਜੇ ਨੇਤਰ ਵਜੋਂ ਕੰਮ ਕਰਦੀ ਹੈ। ਇਸ ਲਈ ਵਿਦਿਆਰਥੀਆਂ ਨੂੰ ਇਹ ਸੁਨਹਿਰੀ ਸਮਾਂ ਨਹੀਂ ਗਵਾਉਣਾ ਚਾਹੀਦਾ, ਪੂਰੀ ਲਗਨ ਅਤੇ ਮਿਹਨਤ ਦੇ ਨਾਲ ਪੜ੍ਹਾਈ ਕਰਕੇ ਇੱਕ ਚੰਗਾ ਮੁਕਾਮ ਹਾਸਲ ਕਰਨਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉਪ ਜਿਲਾ ਸਿੱਖਿਆ ਅਫਸਰ (ਸੈਕੰਡਰੀ) ਸ. ਦੀਦਾਰ ਸਿੰਘ ਮਾਂਗਟ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਵਿਖੇ ਲਗਾਈ ਗਈ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਇਸ ਸਾਇੰਸ ਮੇਲੇ ਦੇ ਦੌਰਾਨ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਪ੍ਰੋਜੈਕਟਾਂ ਨੂੰ ਦੇਖ ਕੇ ਮਨ ਗਦ-ਗਦ ਹੋ ਗਿਆ, ਕਿਉਂਕਿ ਉਨਾਂ ਪ੍ਰੋਜੈਕਟਾਂ ਦੇ ਵਿੱਚ ਵਿਦਿਆਰਥੀਆਂ ਦੀ ਰੂਹ ਦਿਸ ਰਹੀ ਸੀ। ਇਸ ਮੌਕੇ ਸਕੂਲ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਦੱਸਿਆ ਕਿ ਸਾਇੰਸ ਪ੍ਰਦਰਸ਼ਨੀ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ  ਦੀਆਂ 112 ਟੀਮਾਂ ਨੇ ਹਿੱਸਾ ਲਿਆ। ਇਹਨਾਂ ਵਿੱਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਛੇਵੀਂ ਤੋਂ ਅੱਠਵੀਂ ਤੱਕ ਦੀਆਂ 56 ਟੀਮਾਂ, ਨੌਵੀਂ ਤੋਂ ਦਸਵੀਂ ਤੱਕ ਦੀਆਂ 56 ਟੀਮਾਂ ਨੇ ਹਿੱਸਾ ਲਿਆ। ਪ੍ਰੋਜੈਕਟ ਨੋਡਲ ਅਫਸਰ ਪੂਰਨ ਸਹਿਗਲ ਅਤੇ ਜਤਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਆਪਕਾਂ ਵਿੱਚੋਂ ਤੈਨਾਤ ਕੀਤੇ ਜੱਜਾਂ ਨੇ ਮੇਲੇ ਦੀ ਸਮੀਖਿਆ ਕੀਤੀ ਅਤੇ ਨਤੀਜਾ ਘੋਸ਼ਿਤ ਕੀਤਾ। ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜਿਹੜੇ ਅਧਿਆਪਕਾਂ ਵੱਲੋਂ ਇਹ ਤਿਆਰੀ ਕਰਵਾਈ ਗਈ ਸੀ, ਉਨਾਂ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੌਵੀਂ ਤੋਂ 10ਵੀਂ ਦੇ ਗਰੁੱਪ ਵਿਚ ਕਲੋੜ ਸਕੂਲ ਤੋਂ ਅਰਸ਼ਦੀਪ ਸਿੰਘ, ਵੜੈਚਾਂ ਸਕੂਲ ਤੋਂ ਕਰਮਵੀਰ ਸਿੰਘ, ਮਨੈਲੀ ਧਨੋਲਾ ਤੋਂ ਗੁਰਲੀਨ ਕੌਰ, ਬਡਾਲੀ ਆਲਾ ਸਿੰਘ ਤੋਂ ਖੁਸ਼ਪ੍ਰੀਤ ਕੌਰ, ਅਮਲੋਹ ਤੋਂ ਸਿਦਕਪ੍ਰੀਤ ਸਿੰਘ, ਸਲਾਣਾ ਤੋਂ ਸਿਮਰਨਪ੍ਰੀਤ ਕੌਰ, ਬੁੱਗਾ ਕਲਾਂ ਤੋਂ ਜਸ਼ਨਪ੍ਰੀਤ ਸੰਧੂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ, ਪ੍ਰਿਤਪਾਲ ਸਿੰਘ, ਅਮਨ ਮੱਟੂ, ਪੁਨੀਤ ਗਰੇਵਾਲ , ਨਵਰੂਪ ਕੌਰ, ਕਮਲਵੀਰ ਕੌਰ, ਪੂਜਾ, ਜਤਿੰਦਰਪਾਲ, ਸੰਦੀਪ ਸੂਦ, ਜਤਿੰਦਰ ਸਿੰਘ ਹੈਡ ਮਾਸਟਰ, ਸੰਦੀਪ ਜੈਨ ਹੈਡ ਮਾਸਟਰ, ਚੰਚਲ ਗੌਤਮ, ਜਸਪ੍ਰੀਤ ਸਿੰਘ, ਸਟੇਜ ਸੱਕਤਰ ਪੂਰਨ ਸਹਿਗਲ ਆਦਿ ਵੀ ਹਾਜਰ ਸਨ।