
- ਪੰਜਾਬ ਬਣੇਗਾ ਰੰਗਲਾ, ਮੁੱਕੇਗਾ ਨਸ਼ਾ, ਜਿੱਤੇਗੀ ਜਵਾਨੀ- ਜਗਦੀਪ ਕੰਬੋਜ ਗੋਲਡੀ
ਮੰਡੀ ਅਰਨੀਵਾਲਾ, 16 ਮਈ 2025 : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਲਾਲਾਬਾਦ ਵਿਧਾਨ ਸਭਾ ਹਲਕੇ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਪਿੰਡ ਕਮਾਲ ਵਾਲਾ ਤੋਂ ਹੋਈ। ਇੱਥੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਯਾਤਰਾ ਦੀ ਸ਼ੁਰੂਆਤ ਕੀਤੀ। ਇਹ ਯਾਤਰਾ ਹਲਕੇ ਦੇ ਸਾਰੇ ਪਿੰਡਾਂ ਵਿੱਚ ਪੁੱਜੇਗੀ ਅਤੇ ਨਸ਼ਿਆਂ ਖਿਲਾਫ ਸਮਾਜਿਕ ਜਾਗਰੂਕਤਾ ਅਤੇ ਲੋਕ ਭਾਗੀਦਾਰੀ ਨੂੰ ਉਤਸਾਹਿਤ ਕਰਨਾ ਇਸ ਯਾਤਰਾ ਦਾ ਉਦੇਸ਼ ਹੈ। ਇਸ ਮੌਕੇ ਬੋਲਦਿਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਤੇ ਕਰਾਰਾ ਵਾਰ ਕੀਤਾ ਗਿਆ ਹੈ ਅਤੇ ਸਪਲਾਈ ਲਾਈਨ ਨੂੰ ਤੋੜਿਆ ਗਿਆ ਹੈ। ਉਨਾਂ ਨੇ ਕਿਹਾ ਕਿ ਹੁਣ ਸਮਾਜਿਕ ਭਾਗੀਦਾਰੀ ਦੀ ਜਰੂਰਤ ਹੈ ਅਤੇ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਉਸ ਦੀ ਸੂਚਨਾ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਵਟਸ ਨੰਬਰ 9779-100-200 ਤੇ ਦਿੱਤੀ ਜਾਵੇ। ਉਨਾਂ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਹਿਚਾਨ ਗੁਪਤ ਰੱਖਦਿਆਂ ਹੋਇਆਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸੇ ਤਰਾਂ ਉਹਨਾਂ ਦੱਸਿਆ ਕਿ ਜਿਹੜੇ ਲੋਕ ਨਸ਼ੇ ਤੋਂ ਪੀੜਿਤ ਹਨ ਉਹਨਾਂ ਦੇ ਇਲਾਜ ਦੀ ਵਿਵਸਥਾ ਵੀ ਸਰਕਾਰ ਵੱਲੋਂ ਕੀਤੀ ਗਈ ਹੈ । ਇਹ ਇਲਾਜ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਅਤੇ ਇਲਾਜ ਕਰਵਾਉਣ ਵਾਲੇ ਦੀ ਪਹਿਚਾਣ ਦੀ ਗੁਪਤ ਰੱਖੀ ਜਾਂਦੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ ਚੜ ਕੇ ਭਾਗ ਲੈਣ ਅਤੇ ਆਪੋ ਆਪਣੇ ਪਿੰਡਾਂ ਨੂੰ ਨਸ਼ੇ ਮੁਕਤ ਪਿੰਡ ਬਣਾਏ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਰੰਗਲਾ ਬਣੇਗਾ, ਨਸ਼ਾ ਮੁੱਕੇਗਾ ਅਤੇ ਜਵਾਨੀ ਜਿੱਤੇਗੀ। ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਨਸ਼ੇ ਵਰਗੀਆਂ ਅਲਾਮਤਾਂ ਪ੍ਰਗਟ ਹੀ ਨਾ ਹੋਣ ਇਸ ਲਈ ਜਰੂਰੀ ਹੈ ਕਿ ਸਾਡੀ ਨੌਜਵਾਨੀ ਨੂੰ ਸਹੀ ਦਿਸ਼ਾ ਮਿਲੇ ਅਤੇ ਰਾਜ ਦਾ ਸਹੀ ਸਮਾਜਿਕ ਆਰਥਿਕ ਵਿਕਾਸ ਹੋਵੇ। ਇਸ ਲਈ ਸੂਬਾ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਵਿਕਾਸ ਲਈ ਫੰਡ ਦੀ ਕੋਈ ਘਾਟ ਨਹੀਂ ਹੈ ਅਤੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਾਣੀ ਅਤੇ ਜਵਾਨੀ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਉਹਨਾਂ ਨੇ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚੇਗੀ। ਇਸ ਦੌਰਾਨ ਪਿੰਡ ਸਜਰਾਣਾ ਵਿੱਚ ਵੀ ਇਹ ਯਾਤਰਾ ਪਹੁੰਚੀ ਅਤੇ ਇੱਥੇ ਵੀ ਵਿਧਾਇਕ ਨੇ ਪਿੰਡ ਵਾਸੀਆਂ ਨੂੰ ਇਸ ਮੁਹਿੰਮ ਵਿੱਚ ਜੁੜਨ ਦਾ ਸੱਦਾ ਦਿੱਤਾ । ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਮੌਕੇ ਪਿੰਡ ਵਾਸੀਆਂ ਨੂੰ ਨਸ਼ਿਆਂ ਖਿਲਾਫ ਇਕਜੁੱਟ ਹੋਣ ਦੀ ਸਹੁੰ ਵੀ ਚੁਕਾਈ।