ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋ ਸਰਪੰਚਾ ਨੂੰ ਵਿਭਾਗ ਵੱਲੋ ਚਲਾਈਆਂ ਜਾ ਰਹੀਆਂ ਸਕੀਮ ਬਾਰੇ ਕੀਤਾ ਜਾਗਰੂਕ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ 2025 : ਡਿਪਟੀ ਕਮਿਸ਼ਨਰ, ਸ੍ਰੀ ਰਾਜੇਸ਼ ਤ੍ਰਿਪਾਠੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋ ਸਰਪੰਚਾ ਨੂੰ ਸਪੋਂਸਰਸ਼ਿਪ ਫੋਸਟਰ ਕੇਅਰ ਸਕੀਮ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਬਾਲ ਸੁਰੱਖਿਆ ਅਫ਼ਸਰ, ਐਨ.ਆਈ.ਸੀ., ਸ੍ਰੀਮਤੀ ਅਨੂਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਗਰੀਬ, ਬੇਸਹਾਰਾ ਅਤੇ ਯਤੀਮ ਬੱਚਿਆਂ ਨਾਲ ਸਬੰਧਿਤ ਸਪੋਂਸਰਸ਼ਿਪ ਫੋਸਟਰ ਕੇਅਰ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਪੋਂਸਰਸ਼ਿਪ ਫੋਸਟਰ ਕੇਅਰ ਸਕੀਮ ਦਾ ਲਾਭ ਉਹ ਬੱਚੇ ਲੈ ਸਕਦੇ ਹਨ, ਜਿਨ੍ਹਾਂ ਦੀ ਮਾਤਾ ਵਿਧਵਾ ਹੈ ਜਾਂ ਤਲਾਕਸ਼ੁਦਾ ਹੈ ਜਾਂ ਉਸਦੇ ਪਰਿਵਾਰ ਵੱਲੋਂ ਉਸਨੂੰ ਛੱਡ ਦਿੱਤਾ ਗਿਆ ਹੈ, ਅਜਿਹੇ ਬੱਚੇ ਜੋ ਅਨਾਥ ਹਨ ਅਤੇ ਆਪਣੇ ਰਿਸ਼ਤੇਦਾਰਾਂ ਨਾਲ ਰਹਿ ਰਹੇ ਹਨ, ਅਜਿਹੇ ਬੱਚੇ ਜਿੰਨ੍ਹਾਂ ਦੇ ਮਾਤਾ/ਪਿਤਾ ਜਾਂ ਦੋਨੋ ਜੇਲ੍ਹ ਵਿੱਚ ਸਜ੍ਹਾ ਕੱਟ ਰਹੇ ਹਨ, ਅਜਿਹੇ ਬੱਚੇ ਜਿੰਨ੍ਹਾਂ ਦੇ ਮਾਤਾ-ਪਿਤਾ ਲਾ- ਇਲਾਜ ਜਾਂ ਘਾਤਕ ਬਿਮਾਰੀ ਨਾਲ ਪੀੜਿਤ ਹਨ, ਅਜਿਹੇ ਬੱਚੇ ਜਿੰਨ੍ਹਾਂ ਦੇ ਮਾਤਾ-ਪਿਤਾ ਮਾਨਸਿਕ/ ਸਰੀਰਿਕ ਜਾਂ ਆਰਥਿਕ ਤੌਰ ’ਤੇ ਬੱਚਿਆਂ ਨੂੰ ਸੰਭਾਲਣ ਦੇ ਯੋਗ ਨਹੀਂ ਹਨ, ਅਜਿਹੇ ਬੱਚੇ ਜਿਨ੍ਹਾਂ ਨੂੰ ਸੁਰੱਖਿਆ ਅਤੇ ਉਨ੍ਹਾਂ ਵੱਲ ਧਿਆਨ ਦੇਣ ਦੀ ਜਰੂਰਤ ਹੈ ਜਿਵੇਂ ਕਿ–ਬੇਘਰ ਬੱਚੇ, ਕੁਦਰਤੀ ਆਫਤ ਦਾ ਸ਼ਿਕਾਰ ਬੱਚੇ, ਬਾਲ ਮਜਦੂਰੀ, ਬਾਲ ਵਿਆਹ, ਐਚ.ਆਈ.ਵੀ/ਏਡਜ ਨਾਲ ਪੀੜਿਤ ਬੱਚੇ, ਦਿਵਾਂਗ ਬੱਚੇ, ਗੁਆਚੇ ਜਾਂ ਘਰੋਂ ਭੱਜੇ ਬੱਚੇ, ਬਾਲ ਭਿੱਖਿਆ ਕਰਨ ਵਾਲੇ ਜਾਂ ਸੜਕਾਂ ਤੇ ਬਿਨ੍ਹਾਂ ਕਿਸੇ ਸਹਾਰੇ ਤੋਂ ਰਹਿ ਰਹੇ ਬੱਚੇ, ਪ੍ਰਤਾੜਿਤ ਜਾਂ  ਸ਼ੋਸ਼ਿਤ ਬੱਚੇ ਜਿਨ੍ਹਾਂ ਨੂੰ ਮੁੜ ਵਸੇਬੇ ਦੀ ਜਰੂਰਤ ਹੈ ਅਤੇ ਇਨ੍ਹਾਂ ਬੱਚਿਆਂ ਦੀ ਪਰਿਵਾਰਕ ਆਮਦਨ ਪੇਂਡੂ ਖੇਤਰਾਂ ਲਈ  72,000 ਰੁਪਏ ਸਲਾਨਾ ਅਤੇ ਸ਼ਹਿਰੀ ਖੇਤਰਾਂ ਲਈ  96,000 ਰੁਪਏ ਸਲਾਨਾ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਦਰਸਾਏ ਗਏ ਇਨ੍ਹਾਂ ਹਾਲਾਤਾਂ ਵਿੱਚ ਇਕ ਪਰਿਵਾਰ ਦੇ ਵੱਧ ਤੋਂ ਵੱਧ ਦੋ ਬੱਚੇ, ਜਿੰਨ੍ਹਾਂ ਦੀ ਉਮਰ 0 ਤੋਂ 18 ਸਾਲ ਦੀ ਹੋਵੇ, ਉਹ ਸਕੀਮ ਦਾ ਲਾਭ ਲੈ ਸਕਦੇ ਹਨ । ਇਨ੍ਹਾਂ ਬੱਚਿਆਂ ਦਾ ਸਕੂਲ ਵਿੱਚ ਦਾਖਲਾ ਹੋਣਾ ਲਾਜ਼ਮੀ ਹੈ । ਇਸ ਤੋ ਇਲਾਵਾ ਜੇਕਰ ਕਿਸੇ ਵੀ ਬੱਚੇ ਨਾਲ ਕੁਝ ਗਲਤ ਹੁੰਦਾ ਹੈ ਜਾਂ ਕੋਈ ਕਿਸੇ ਬੱਚੇ ਨਾਲ ਗਲਤ ਹੁੰਦਾ ਦੇਖਦਾ ਹੈ, ਤਾਂ ਉਹ ਚਾਈਲਡ ਲਾਈਨ ਨੰਬਰ 1098  ’ਤੇ ਆਪਣੀ ਸ਼ਿਕਾਇਤ ਕਰ ਸਕਦਾ ਹੈ। ਇਸ ਮੌਕੇ ਬਲਾਕ ਪੰਚਾਇਤ ਅਫ਼ਸਰ ਮਲੋਟ, ਮਿਸ ਮਨਪ੍ਰੀਤ ਕੌਰ, ਰਾਜ ਸੰਸਥਾਗਤ ਪੇਂਡੂ ਵਿਕਾਸ, ਬਲਾਕ ਮਲੋਟ ਦੇ ਸਰਪੰਚ, ਮਿਸ ਅਮਨਪ੍ਰੀਤ ਕੌਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਸ੍ਰੀ ਮੁਕਤਸਰ ਸਾਹਿਬ ਹਾਜ਼ਰ ਸਨ।