- ਜ਼ਿਲ੍ਹਾ ਪੱਧਰੀ ਤੀਆਂ ਮੌਕੇ ਕਰਵਾਏ ਜਾਣਗੇ ਵੱਖ-ਵੱਖ ਮੁਕਾਬਲੇ
- ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਗਿੱਧਾ, ਭੰਗੜਾ, ਲੁੱਡੀ ਤੇ ਸੋਲੋ ਡਾਂਸ ਹੋਣਗੇ ਤੀਆਂ ਵਿੱਚ ਖਿੱਚ ਦਾ ਕੇਂਦਰ
- ਤੀਆਂ ਮੌਕੇ ਪੀਘਾਂ, ਮਹਿੰਦੀ ਅਤੇ ਵੱਖ-ਵੱਖ ਖਾਣ ਪੀਣ ਦੀਆਂ ਵਸਤਾਂ ਦੇ ਲਗਾਏ ਜਾਣਗੇ ਸਟਾਲ
- ਵਧੀਕ ਡਿਪਟੀ ਕਮਿਸ਼ਨਰ (ਜ) ਈਸ਼ਾ ਸਿੰਗਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਧੀਆਂ ਦੀਆਂ ਤੀਆਂ ਮਨਾਉਣ ਸਬੰਧੀ ਕੀਤੀ ਮੀਟਿੰਗ
ਫ਼ਤਹਿਗੜ੍ਹ ਸਾਹਿਬ, 02 ਅਗਸਤ 2024 : ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 09 ਅਗਸਤ ਨੂੰ ਸਵੇਰੇ 09:00 ਵਜੇ ਤੋਂ ਆਮ ਖਾਸ ਬਾਗ ਵਿਖੇ "ਧੀਆਂ ਦੀਆਂ ਤੀਆਂ" ਮਨਾਈਆਂ ਜਾ ਰਹੀਆਂ ਹਨ, ਇਸ ਜ਼ਿਲ੍ਹਾ ਪੱਧਰੀ ਤੀਆਂ ਦੇ ਸਮਾਗਮ ਮੌਕੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਗਿੱਧਾ, ਭੰਗੜਾ, ਲੁੱਡੀ ਤੇ ਸੋਲੋ ਡਾਂਸ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਸਿੰਗਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਧੀਆਂ ਦੀਆਂ ਤੀਆਂ ਮਨਾਉਣ ਸਬੰਧੀ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਤੀਆਂ ਦੇ ਸਮਾਗਮ ਦੌਰਾਨ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਜਿਸ ਦੇ ਜੇਤੂਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਜਾਵੇਗਾ। ਸ਼੍ਰੀਮਤੀ ਈਸ਼ਾ ਸਿੰਗਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਧੀਆਂ ਦੀਆਂ ਤੀਆਂ ਦੇ ਤਿਓਹਾਰ ਵਿੱਚ 5 ਸਾਲ ਦੀ ਉਮਰ ਤੱਕ ਦੀਆਂ ਬੱਚੀਆਂ ਦੇ ਬੇਬੀ ਤੀਜ ਮੁਕਾਬਲੇ, ਅਣ-ਵਿਆਹੀਆਂ ਲੜਕੀਆਂ ਦੇ ਮਿਸ ਤੀਜ਼ ਮੁਕਾਬਲੇ, 45 ਸਾਲ ਤੱਕ ਦੀ ਉਮਰ ਦੀਆਂ ਔਰਤਾਂ ਦੇ ਤੀਜ ਕੁਈਅਨ ਮੁਕਾਬਲੇ, 45 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ ਸੀਨੀਅਰ ਤੀਜ ਕੁਈਅਨ ਦੇ ਮੁਕਾਬਲੇ ਕਰਵਾਉਣ ਦੇ ਨਾਲ-ਨਾਲ ਮਹਿੰਦੀ ਲਗਾਉਣ ਦੇ ਮੁਕਾਬਲੇ, ਘੜਾ/ਮਟਕਾ ਦੌੜ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਤਾਂ ਜੋ ਪੰਜਾਬ ਦੇ ਵਿਰਸੇ ਨਾਲ ਜੁੜੇ ਤੀਆਂ ਦੇ ਤਿਓਹਾਰ ਨੂੰ ਹੋਰ ਵੀ ਦਿਲਕਸ਼ ਅੰਦਾਜ਼ ਵਿੱਚ ਮਨਾਇਆ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਧੀਆਂ ਦੀਆਂ ਤੀਆਂ ਮੌਕੇ ਸੰਗੀਤ ਅਤੇ ਡਾਂਸ, ਗਿੱਧਾ ਅਤੇ ਕਿੱਕਲੀ ਦੀ ਪੇਸ਼ਕਾਰੀਜ ਕੀਤੀ ਜਾਵੇਗੀ, ਸਵਾਦਿਸ਼ਟ ਪਕਵਾਨ, ਤੇ ਦਸਤਕਾਰੀ ਸਟਾਲ ਤੇ ਸੈਲਫੀ ਪੁਆਂਇੰਟ ਵੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਧੀਆਂ ਦੀਆਂ ਤੀਆਂ ਵਿੱਚ ਭਾਗ ਲੈਣ ਲਈ 100/- ਰੁਪਏ ਐਂਟਰੀ ਫੀਸ ਰੱਖੀ ਗਈ ਹੈ ਅਤੇ ਇਸ ਦੀ ਪਰਚੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰ: 221 ਨਾਜ਼ਰ ਬਰਾਂਚ ਤੋਂ ਹਾਸਲ ਕੀਤੀ ਜਾ ਸਕਦੀ ਹੈ। ਧੀਆਂ ਦੀਆਂ ਤੀਆਂ ਵਿੱਚ ਭਾਗ ਲੈਣ ਲਈ 07 ਅਗਸਤ ਤੱਕ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਇਸ ਸਬੰਧੀ ਹੋਰ ਪੁੱਛਗਿੱਛ ਵਾਸਤੇ ਮੋਬਾਇਲ ਨੰਬਰ 99885-06013 ਅਤੇ 95929-38105 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹਾ ਪੱਧਰੀ ਧੀਆਂ ਦੀਆਂ ਤੀਆਂ ਦੇ ਤਿਓਹਾਰ ਵਿੱਚ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਗਿੱਧਾ, ਭੰਗੜਾ ਤੇ ਬੋਲੀਆਂ ਆਦਿ ਪਾਈਆਂ ਜਾਣ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਵਿਰਸੇ ਨਾਲ ਜੁੜੇ ਤੀਆਂ ਦੇ ਤਿਓਹਾਰ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਖੁਲ੍ਹਾ ਸੱਦਾ ਦਿੱਤਾ ਜਾਂਦਾ ਹੈ ਇਸ ਲਈ ਸਮੂਹ ਨਾਗਰਿਕ ਇਸ ਵਿੱਚ ਸ਼ਿਰਕਤ ਜਰੂਰ ਕਰਨ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫਸਰ ਗੁਰਮੀਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜੋਬਨਦੀਪ ਕੌਰ, ਜ਼ਿਲ੍ਹਾ ਸਿੱਖਿਆ ਅਫਸਰ ਸੁਸ਼ੀਲ ਨਾਥ, ਸਹਾਇਕ ਸਿਵਲ ਸਰਜਨ ਡਾ: ਸਵਪਨਜੀਤ ਕੌਰ, ਸਹਾਇਕ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸਮਸ਼ੇਰ ਸਿੰਘ, ਸਹਾਇਕ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਦੀਦਾਰ ਸਿੰਘ ਮਾਂਗਟ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।