
- ਵਿਕਾਸ ਕਾਰਜਾਂ ਦੇ ਕੰਮਾਂ ਦੀ ਗੁਣਵੰਤਾ ਨਾਲ ਕਿਸੇ ਕਿਸਮ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ –ਡਿਪਟੀ ਕਮਿਸ਼ਨਰ
- ਕਿਹਾ ,ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਨੂੰ ਮਿੱਥੇ ਸਮੇਂ 'ਚ ਮੁਕੰਮਲ ਕਰਨ ਲਈ ਕੰਮ 'ਚ ਤੇਜ਼ੀ ਲਿਆਉਦੀ ਜਾਵੇ
ਮਾਲੇਰਕੋਟਲਾ 12 ਮਾਰਚ 2025 : ਪੰਜਾਬ ਨਿਰਮਾਣ ਪ੍ਰੋਗਰਾਮ ਅਤੇ ਐਮ.ਪੀ. ਲੈਂਡ ਸਕੀਮਾਂ ਤਹਿਤ ਵੱਖ-ਵੱਖ ਵਿਭਾਗਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ ਦਿੱਤੀਆਂ ਗਈਆਂ ਗਰਾਂਟਾਂ ਦੀ ਸਮੀਖਿਆ ਸਬੰਧੀ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀ ਪ੍ਰਧਾਨਗੀ ਹੇਠ ਮੀਟਿੰਗ ਆਯੋਜਿਤ ਕੀਤੀ ਗਈ । ਇਸ ਮੌਕੇ ਇਸ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਵਦੀਪ ਕੌਰ, ਡੀ.ਡੀ.ਪੀ.ਓ ਰਿੰਪੀ ਗਰਗ, ਸਹਾਇਕ ਅੰਕੜਾ ਸਲਾਹਕਾਰ ਅਫ਼ਸਰ ਗੁਰਵਿੰਦਰ ਕੌਰ, ਬੀ.ਡੀ.ਪੀ.ਓ ਜਗਰਾਜ ਸਿੰਘ, ਬੀ.ਡੀ.ਪੀ.ਓ ਗੁਰਮੀਤ ਸਿੰਘ,ਡਾ ਪੁਨੀਤ ਸਿੱਧੂ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਵਿਰਾਜ ਐਸ. ਤਿੜਕੇ ਨੇ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਮ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਪਹਿਲ ਦੇ ਆਧਾਰ 'ਤੇ ਬਿਨ੍ਹਾਂ ਭੇਦਭਾਵ ਦੇ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਹੇਠਲੇ ਪੱਧਰ ਤੱਕ ਲੋਕ ਇਨ੍ਹਾਂ ਸਹੂਲਤਾਂ ਦਾ ਲਾਭ ਮਿਲ ਸਕੇ। ਉਨ੍ਹਾਂ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਵੱਲੋਂ ਜਾਰੀ ਰਾਸ਼ੀ ਦੀ ਯੋਗ ਵਰਤੋਂ ਨੂੰ ਯਕੀਨੀ ਬਣਾਉਣ ਹਿੱਤ ਨਿੱਜੀ ਤੌਰ 'ਤੇ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਨ ਅਤੇ ਕੰਮ ਦੀ ਪ੍ਰਗਤੀ ਰਿਪੋਰਟ ਵਿੱਚ ਵਿਕਾਸ ਕਾਰਜ ਦੀ ਸਥਿਤੀ ਸਪੱਸ਼ਟ ਅੰਕਿਤ ਕੀਤੀ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਤੋਂ ਡਿਪਟੀ ਕਮਿਸ਼ਨਰ ਨੂੰ ਅਵਗਤ ਕਰਵਾਇਆ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜੋ ਕੰਮ ਅਧੂਰੇ ਪਏ ਹਨ , ਉਨ੍ਹਾਂ ਨੂੰ ਤੈਅ ਸਮੇਂ ਅਨੁਸਾਰ ਮੁਕੰਮਲ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇ । ਜਿਹੜੇ ਕੰਮ ਕਿਸੇ ਕਾਰਨ ਕਰਕੇ ਸ਼ੁਰੂ ਨਹੀਂ ਹੋਏ, ਉਨ੍ਹਾਂ ਦੇ ਪੈਸੇ ਸਬੰਧਿਤ ਵਿਭਾਗ ਨੂੰ ਤੁਰੰਤ ਜਮ੍ਹਾਂ ਕਰਵਾਏ ਜਾਣ ਜਾਂ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਵਿਭਾਗੀ ਉਪਚਾਰਕਤਾਵਾਂ ਮੁਕੰਮਲ ਕੀਤੀਆਂ ਜਾ ਸਕਣ । ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਲੋੜੀਂਦੇ ਪੈਂਡਿੰਗ ਦਸਤਾਵੇਜ਼ਾਂ ਦਾ ਵੀ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕੰਮਾਂ ਲਈ ਜਾਰੀ ਕੀਤੇ ਫੰਡਾਂ ਦੀ ਉੱਚਿਤ ਵਰਤੋਂ ਨੂੰ ਯਕੀਨੀ ਬਣਾਉਣ। ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਨੂੰ ਮਿੱਥੇ ਸਮੇਂ 'ਚ ਮੁਕੰਮਲ ਕਰਨ ਲਈ ਕੰਮ 'ਚ ਤੇਜ਼ੀ ਲਿਆਉਣ ਦੀ ਹਦਾਇਤ ਦਿੱਤੀ।