ਡਿਪਟੀ ਕਮਿਸ਼ਨਰ ਨੇ ਮਾਲ ਅਧਿਕਾਰੀਆਂ ਨਾਲ ਕੀਤੀ ਮੀਟਿੰਗ,ਵਿਭਾਗ ਦੀ ਕਾਰਜਗੁਜਾਰੀ ਦੀ ਕੀਤੀ ਸਮੀਖਿਆ

  • ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਸੇਵਾਵਾਂ ‘ਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ
  • ਕਿਹਾ, ਇੰਤਕਾਲ, ਵੰਡ,ਜਮ੍ਹਾਂਬੰਦੀਆਂ ਅਤੇ ਨਿਸ਼ਾਨਦੇਹੀ ਦੇ ਮਾਮਲਿਆਂ ਨੂੰ ਬਿਨਾਂ ਕਿਸੇ ਦੇਰੀ ਤੋਂ  ਨੇਪਰੇ ਚਾੜ੍ਹਿਆ ਜਾਵੇ
  • ਲੰਬਿਤ ਝਗੜਾ ਰਹਿਤ ਇੰਤਕਾਲਾਂ ਨੂੰ ਦਰਜ ਕਰਨ ਲਈ ਮਾਲੇਰਕੋਟਲਾ ਤਹਿਸੀਲ ਵਿਖੇ 26 ਦਸੰਬਰ ਨੂੰ ਲੱਗੇਗਾ ਵਿਸ਼ੇਸ ਕੈਂਪ

ਮਾਲੇਰਕੋਟਲਾ 18 ਦਸੰਬਰ 2024 : ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡਾ ਪੱਲਵੀ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਦੀ ਰੀਵਿਊ ਮੀਟਿੰਗ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ,ਐਸ.ਡੀ.ਐਮ. ਹਰੰਬਸ ਸਿੰਘ,ਐਸ.ਡੀ.ਐਮ. ਸੁਰਿੰਦਰ ਕੌਰ, ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ, ਜ਼ਿਲ੍ਹਾ ਮਾਲ ਅਫ਼ਸਰ ਮਨਦੀਪ ਕੌਰ, ਤਹਿਸ਼ੀਲਦਾਰ ਸ਼ੀਸਪਾਲ ਸਿੰਗਲਾ,ਨਾਇਬ ਤਹਿਸ਼ੀਲਦਾਰ ਪਰਵੀਨ ਕੁਮਾਰ,ਨਾਇਬ ਤਹਿਸ਼ੀਲਦਾਰ ਵਿਨੋਦ ਕੁਮਾਰ , ਸਦਰ ਕਾਨੰਗੋ ਰਣਜੀਤ ਸਿੰਘ ਮੌਜੂਦ ਸਨ। ਲੋਕਾਂ ਦੇ ਸਮੇਂ ਦੀ ਬੱਚਤ ਕਰਨ ਲਈ ਅਤੇ ਵਿਭਾਗਾਂ ਵਿਚ ਬੇਲੋੜੀ ਖੱਜਲ ਖ਼ੁਆਰੀ ਨੂੰ ਮੁਕੰਮਲ ਤੌਰ 'ਤੇ ਬੰਦ ਕਰਨ ਲਈ ਅਧਿਕਾਰੀਆਂ ਨੂੰ ਸਰਗਰਮ ਯੋਗਦਾਨ ਪਾਉਣ ਦੀ ਲੋੜ ਤੇ ਜੋਰ ਦਿੰਦਿਆ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਹਦਾਇਤ ਕੀਤੀ ਕਿ ਨਾਗਰਿਕਾਂ ਨੂੰ ਮਾਲ ਵਿਭਾਗ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਨ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਹੋਰ ਹਦਾਇਤ ਕੀਤੀ ਕਿ ਇੰਤਕਾਲ, ਵੰਡ,ਜਮ੍ਹਾਂਬੰਦੀਆਂ ਅਤੇ ਨਿਸ਼ਾਨਦੇਹੀ ਦੇ ਮਾਮਲਿਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਸਮਾਂਬੱਧ ਤਰੀਕੇ ਨਾਲ ਨਿਪਟਾਉਣ ਲਈ ਇੱਕ ਮੁਹਿੰਮ ਦੇ ਤੌਰ 'ਤੇ ਕੰਮ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਸਾਰੇ ਕੰਮ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਮੇਂ ਸਿਰ ਪੂਰੇ ਕਰਨ ਦੇ ਆਦੇਸ਼ ਵੀ ਦਿੱਤੇ। ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮਜ਼ ਵਿਭਾਗੀ ਪੜਤਾਲਾਂ ਦੇ ਬਕਾਇਆ ਕੇਸਾਂ ਨੂੰ ਜਲਦੀ ਤੋਂ ਜਲਦੀ ਨੇਪਰੇ ਚੜ੍ਹਾਉਣ ਯਕੀਨੀ ਬਣਾਉਣ ਕਿਹਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ 26 ਦਸੰਬਰ ਨੂੰ ਲੰਬਿਤ ਝਗੜਾ ਰਹਿਤ ਇੰਤਕਾਲਾਂ ਨੂੰ ਦਰਜ ਕਰਨ ਲਈ ਮਾਲੇਰਕੋਟਲਾ ਤਹਿਸੀਲ ਵਿਖੇ ਵਿਸ਼ੇਸ ਕੈਂਪ ਦਾ ਆਯੌਜਨ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਲੰਬਿਤ ਇੰਤਕਾਲਾਂ ਦਾ ਨਿਪਟਾਰਾ ਹੋ ਸਕੇ । ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਕੈਂਪਾਂ ਦੌਰਾਨ ਲੋਕਾਂ ਦੀ ਸੁਵਿਧਾ ਲਈ ਉਪਲੱਬਧ ਰਹਿਣ ਲਈ ਕਿਹਾ ।