
- ਵੱਖ ਵੱਖ ਵਿਭਾਗਾਂ ਦੀਆਂ ਝਾਕੀਆਂ, ਪਰੇਡ, ਸਭਿਆਚਾਰਕ ਤੇ ਦੇਸ਼ ਭਗਤੀ ਦੀਆਂ ਆਈਟਮਾਂ ਸਮਾਗਮ ਦੀ ਸ਼ਾਨ ਵਧਾਉਣਗੀਆਂ
ਫ਼ਰੀਦਕੋਟ 13 ਜਨਵਰੀ,2025 : ਗਣਤੰਤਰ ਦਿਵਸ ਮੌਕੇ 26 ਜਨਵਰੀ, 2025 ਨੂੰ ਕਰਵਾਏ ਜਾਣ ਵਾਲੇ ਸਮਾਰੋਹ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਅਸ਼ੋਕ ਚੱਕਰ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਣਤੰਤਰ ਦਿਵਸ ਸਮਾਰੋਹ ਨੂੰ ਸਥਾਨਕ ਨਹਿਰੂ ਸਟੇਡੀਅਮ ਵਿਖੇ ਮਨਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਸਮਾਗਮ ਨੂੰ ਸਫਲਤਾਪੂਰਵਕ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਨੂੰ ਸਮਾਰੋਹ ਵਾਲੇ ਸਥਾਨ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਅਤੇ ਸਟੇਜ਼ ਦੀ ਸਜਾਵਟ, ਆਮ ਲੋਕਾਂ ਅਤੇ ਹੋਰ ਸਖ਼ਸ਼ੀਅਤਾਂ ਦੇ ਬੈਠਣ ਦੇ ਪ੍ਰਬੰਧ, ਸੁਰੱਖਿਆ, ਪਾਰਕਿੰਗ, ਪੀਣ ਵਾਲੇ ਪਾਣੀ ਦੀ ਸਪਲਾਈ, ਮਾਰਚ ਪਾਸਟ, ਇਨਾਮਾਂ ਦੀ ਵੰਡ, ਮੁੱਢਲੀ ਸਹਾਇਤਾ ਆਦਿ ਨੂੰ ਲੈ ਕੇ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਸਭਿਆਚਰਕ ਪ੍ਰੋਗਰਾਮ ਜਿਸ ਵਿਚ ਦੇਸ਼-ਭਗਤੀ ਨੂੰ ਦਰਸਾਉਂਦੀਆਂ ਕੋਰਿਓਗ੍ਰਾਫੀ, ਗਿੱਧਾ ਅਤੇ ਭੰਗੜਾ ਆਦਿ ਪੇਸ਼ ਕੀਤੇ ਜਾਣਗੇ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਭਲਾਈ ਅਤੇ ਵਿਕਾਸ ਦੇ ਕੰਮਾਂ ਨੂੰ ਦਰਸਾਉਂਦੀਆਂ ਝਾਕੀਆਂ ਵੀ ਕੱਢੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਦਿਹਾੜੇ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਹਦਾਇਤ ਕੀਤੀ ਕਿ ਗਣਤੰਤਰ ਦਿਵਸ ਸਮਾਰੋਹ ਦੇ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ ਅਤੇ ਸਬੰਧਤ ਵਿਭਾਗਾਂ ਦੇ ਮੁਖੀ ਖੁਦ ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਨੂੰ ਯਕੀਨੀ ਬਣਾਉਣ। ਇਸ ਮੌਕੇ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਤੁਸ਼ਿਤਾ ਗੁਲਾਟੀ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।