- ਸੱਥਾਂ ਤੋਂ ਬਿਨਾਂ ਪੰਜਾਬ ਦੇ ਪਿੰਡਾਂ ਦੀ ਹੋਂਦ ਅਧੂਰੀ- ਡਿਪਟੀ ਕਮਿਸ਼ਨਰ
- ਅਮੀਰ ਸਭਿਆਚਾਰ ਦੀਆਂ ਸਮਾਜਿਕ ਸਾਂਝਾਂ ਤੇ ਕਦਰਾਂ ਕੀਮਤਾਂ ਦਾ ਪ੍ਰਤੀਕ- ਡਾ ਪੱਲਵੀ
- ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨ ਪਿੰਡ ਨਿਵਾਸੀ- ਐਸ.ਐਸ.ਪੀ
ਅਮਰਗੜ੍ਹ/ਮਾਲੇਰਕੋਟਲਾ 02 ਅਗਸਤ 2024 : ਸਬ ਡਵੀਜ਼ਨ ਅਮਰਗੜ੍ਹ ਦੇ ਪਿੰਡ ਨਾਰੀਕੇ ਵਿਖੇ 19 ਬਿਸਵੇ ਜਗ੍ਹਾ ਵਿੱਚ ਕਰੀਬ 23 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਆਧੁਨਿਕ ਸਹੂਲਤਾਂਵਾਂ ਨਾਲ ਲੈਸ ਸੱਥ ਦੀ ਇਮਾਰਤ ਦਾ ਉਦਘਾਟਨ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਕੀਤਾ । ਇਸ ਮੌਕੇ ਐਸ.ਐਸ.ਪੀ. ਡਾ ਸਿਮਰਤ ਕੌਰ ਅਤੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਧਰਮ-ਪਤਨੀ ਸ੍ਰੀਮਤੀ ਪਰਮਿੰਦਰ ਕੌਰ ਮੰਡੇਰ ਵੀ ਮੌਜੂਦ ਸਨ । ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਵੀ ਪਾਏ ਗਏ। ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਪਿੰਡ ਨਿਵਾਸੀਆਂ ਨੂੰ ਸਾਂਝੀ ਸੱਥ ਦੀ ਇਮਾਰਤ ਦੇ ਨਿਰਮਾਣ ਦੀ ਵਧਾਈ ਦਿੰਦਿਆਂ ਕਿਹਾ ਕਿ ਸੱਥ ਸ਼ਬਦ ਹੀ ਆਪਣੇ ਆਪ ਵਿੱਚ ਸਾਡੇ ਅਮੀਰ ਸਭਿਆਚਾਰ ਦੀਆਂ ਸਮਾਜਿਕ ਸਾਂਝਾਂ ਤੇ ਕਦਰਾਂ ਕੀਮਤਾਂ ਦਾ ਪ੍ਰਤੀਕ ਜਾਪਦਾ ਹੈ । ਸੱਥਾਂ ਤੋਂ ਬਿਨਾਂ ਪੰਜਾਬ ਦੇ ਪਿੰਡ ਦੀ ਹੋਂਦ ਅਧੂਰੀ ਜਾਪਦੀ ਹੈ ਅਤੇ ਸੱਥਾਂ ਹੀ ਕਿਸੇ ਪਿੰਡ ਦੀ ਰੂਹ ਅਤੇ ਆਤਮਾ ਦੀ ਪ੍ਰਤੀਕ ਹੁੰਦੀਆਂ ਹਨ । ਉਨ੍ਹਾਂ ਕਿਹਾ ਕਿ ਸੱਥਾਂ ਪਿੰਡ ਦੇ ਧਾਰਮਿਕ, ਸਮਾਜਿਕ, ਭਾਈਚਾਰਕ ਅਤੇ ਪਰਿਵਾਰਕ ਸਾਂਝਾਂ ਨੂੰ ਸਹਿਜ ਕੇ ਅਤੇ ਸੁਚੱਜੇ ਢੰਗ ਨਾਲ ਵਿਰਾਸਤੀ ਰੂਪ ਵਿੱਚ ਸੰਸਕਾਰ ਦੇਣ ਦਾ ਵੀ ਅਹਿਮ ਰੋਲ ਅਦਾ ਕਰਦੀਆਂ ਹਨ । ਡਿਪਟੀ ਕਮਿਸ਼ਨਰ ਨੇ ਪਿੰਡ ਨਿਵਾਸੀਆਂ ਨੂੰ ਪਿੰਡ ਨੂੰ ਹਰਾ ਭਰਿਆ ਰੱਖਣ, ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਵੀ ਕੀਤੀ। ਐਸ.ਐਸ.ਪੀ.ਡਾ ਸਿਮਰਤ ਕੌਰ ਨੇ ਕਿਹਾ ਕਿ ਸਾਂਝੇ ਸਥਾਨ/ ਸੱਥਾਂ ਪਿੰਡ ਦੇ ਅਮੀਰ ਵਿਰਸੇ ਨੂੰ ਦਰਸਾਉਂਦੀਆਂ ਹਨ ਅਤੇ ਸਮਾਜ ਵਿੱਚ ਪਨਪ ਰਹੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ । ਸੱਥਾਂ ਕਿਸੇ ਵੀ ਵਿਸ਼ੇ ਤੇ ਲੋਕ ਮਤ ਪੈਦਾ ਕਰਨ ਵਿੱਚ ਵੀ ਸਹਾਇਕ ਹੁੰਦੀਆਂ ਹਨ । ਇਸ ਮੌਕੇ ਉਨ੍ਹਾਂ ਨਸ਼ੇ ਵਰਗੀ ਨਾ ਮੁਰਾਦ ਬਿਮਾਰੀ ਨੂੰ ਪਿੰਡ ਤੋਂ ਕੋਸੋਂ ਦੂਰ ਭਜਾਉਣ ਦੀ ਅਪੀਲ ਕਰਦਿਆ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ। ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨ ਤੇ ਜ਼ੋਰ ਦਿੱਤਾ। ਨਸ਼ਾ ਤਸਕਰਾਂ ਦੀ ਜਾਣਕਾਰੀ ਕੰਟਰੋਲ ਰੂਮ ਤੇ ਦਿੱਤੀ ਜਾ ਸਕਦੀ ਹੈ । ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ।