ਲੁਧਿਆਣਾ : ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਵਿੱਚ ਪਾਣੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਭੂਮੀ ਅਤੇ ਜਲ ਸੰਭਾਲ ਵਿਭਾਗ, ਪੰਜਾਬ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਾਲ ਆਡੀਟੋਰੀਅਮ ਵਿਖੇ 'ਆਲੂ ਦੀ ਖੇਤੀ ਲਈ ਸੂਖਮ ਸਿੰਚਾਈ ਨੂੰ ਅਪਣਾਉਣ' ਵਿਸ਼ੇ 'ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਅੱਜ ਦੇ ਸੈਮੀਨਾਰ ਦਾ ਆਯੋਜਨ ਕਿਸਾਨਾਂ ਨੂੰ ਆਲੂਆਂ ਦੀ ਫਸਲ, ਜੋ ਕਿ ਰਾਜ ਵਿੱਚ ਪ੍ਰਤੀ ਸਾਲ ਲਗਭਗ 1 ਲੱਖ ਹੈਕਟੇਅਰ ਰਕਬੇ ਵਿੱਚ ਕਾਸ਼ਤ ਕੀਤੀ ਜਾਂਦੀ ਹੈ, 'ਤੇ ਤੁਪਕਾ ਅਤੇ ਛਿੜਕਾਅ ਸਿੰਚਾਈ ਪ੍ਰਣਾਲੀਆਂ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਲਈ ਕੀਤਾ ਗਿਆ ਸੀ।ਜਿਕਰਯੋਗ ਹੈ ਕਿ ਰਾਜ ਵਿੱਚ ਉਗਾਇਆ ਜਾਣ ਵਾਲਾ ਆਲੂ ਖਾਸ ਕਰਕੇ ਬੀਜ ਆਲੂ ਦੀ ਦੇਸ਼ ਭਰ ਵਿੱਚ ਭਾਰੀ ਮੰਗ ਹੈ ਕਿਉਂਕਿ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਜਿਵੇਂ ਕਿ ਪੈਪਸੀ, ਮੈਕੇਨ, ਆਈ.ਟੀ.ਸੀ. ਆਦਿ ਰਾਜ ਵਿੱਚ ਆਲੂ ਦੀ ਕਾਸ਼ਤ ਵਿੱਚ ਉੱਦਮ ਕਰ ਰਹੀਆਂ ਹਨ।ਸੈਮੀਨਾਰ ਵਿੱਚ ਵਿਭਾਗਾਂ ਦੇ ਅਧਿਕਾਰੀਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ, ਸੂਖਮ ਸਿੰਚਾਈ ਉਪਕਰਣਾਂ ਦੇ ਸਪਲਾਇਰਾਂ ਤੋਂ ਇਲਾਵਾ ਐਫ.ਐਮ.ਸੀ.ਜੀ. ਕੰਪਨੀਆਂ ਅਤੇ ਆਲੂ ਕਿਸਾਨਾਂ ਦੇ 200 ਤੋਂ ਵੱਧ ਡੈਲੀਗੇਟ ਸ਼ਾਮਲ ਹੋਏ। ਸੈਮੀਨਾਰ ਵਿੱਚ ਲੈਕਚਰ, ਤਕਨੀਕੀ ਸੈਸ਼ਨ ਅਤੇ ਕੇਸ ਸਟੱਡੀਜ਼ ਅਤੇ ਕਿਸਾਨਾਂ ਦੇ ਤਜ਼ਰਬਿਆਂ ਦੇ ਨਾਲ-ਨਾਲ ਆਲੂ ਕਾਸ਼ਤਕਾਰਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ। ਸੈਸ਼ਨ ਦਾ ਮੁੱਖ ਨਤੀਜਾ ਇਹ ਰਿਹਾ ਕਿ ਮਾਈਕਰੋ ਸਿੰਚਾਈ ਤਕਨੀਕ ਨਾਲ ਆਲੂ ਦੀ ਕਾਸ਼ਤ ਆਲੂਆਂ ਦਾ ਆਕਾਰ ਲਿਆਉਂਦੀ ਹੈ, ਬਿਮਾਰੀਆਂ ਦੇ ਘੱਟ ਸੰਕਰਮਣ ਤੋਂ ਇਲਾਵਾ ਲਾਗਤ ਖਰਚਿਆਂ ਵਿੱਜ ਬੱਚਤ ਦੇ ਨਾਲ-ਨਾਲ ਉੱਚ ਉਤਪਾਦਕਤਾ ਅਤੇ ਉਤਪਾਦਨ ਦੇ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ। ਇਸ ਮੌਕੇ ਬੋਲਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਦੇ ਵਧੀਕ ਨਿਰਦੇਸ਼ਕ ਡਾ. ਜੀ.ਪੀ.ਐਸ. ਸੋਢੀ ਨੇ ਖੇਤੀਬਾੜੀ ਵਿੱਚ ਸੂਖਮ ਸਿੰਚਾਈ ਤਕਨੀਕਾਂ ਵੱਲ ਜਾਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਸਾਨ ਭਾਈਚਾਰੇ ਨੂੰ ਸੂਬੇ ਦੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੇ ਮੱਦੇਨਜ਼ਰ ਸਮਾਰਟ ਖੇਤੀ ਤਕਨੀਕਾਂ ਨੂੰ ਅਪਣਾਉਣ ਦਾ ਵੀ ਸੱਦਾ ਦਿੱਤਾ। ਸ਼. ਮਹਿੰਦਰ ਸਿੰਘ ਸੈਣੀ, ਸੀ.ਸੀ.ਐਸ., ਪੰਜਾਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਿਭਾਗ ਪਾਣੀ ਦੀ ਸੰਭਾਲ ਦੀਆਂ ਵੱਖ-ਵੱਖ ਤਕਨੀਕਾਂ ਨੂੰ ਪ੍ਰਸਾਰਿਤ ਕਰਨ ਲਈ ਯਤਨਸ਼ੀਲ ਹੈ ਅਤੇ ਇਨ੍ਹਾਂ ਤਕਨੀਕਾਂ ਨੂੰ ਅਪਣਾਉਣ ਲਈ ਕਿਸਾਨ ਭਾਈਚਾਰੇ ਤੋਂ ਸਹਿਯੋਗ ਦੀ ਵੀ ਮੰਗ ਕੀਤੀ। ਡਾ. ਅਜਮੇਰ ਸਿੰਘ ਢੱਟ, ਡਾਇਰੈਕਟਰ ਖੋਜ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਡਾ. ਰਾਕੇਸ਼ ਸ਼ਾਰਦਾ, ਪ੍ਰਿੰਸੀਪਲ ਨਿਗਰਾਨ, ਪੀ.ਐਫ.ਡੀ.ਸੀ., ਪੀ.ਏ.ਯੂ., ਡਾ. ਅਜਮੇਰ ਬਰਾੜ, ਪ੍ਰਿੰਸੀਪਲ ਖੇਤੀ ਵਿਗਿਆਨੀ, ਪੀ.ਏ.ਯੂ. ਅਤੇ ਡਾ. ਸਤਪਾਲ ਸ਼ਰਮਾ, ਪ੍ਰਿੰਸੀਪਲ ਵੈਜੀਟੇਬਲ ਬਰੀਡਰ ਵੱਲੋ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ ਅਤੇ ਭਾਗੀਦਾਰਾਂ ਨੂੰ ਪਾਣੀ ਦੀ ਸੰਭਾਲ ਪ੍ਰਤੀ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕ ਕੀਤਾ। ਸ.ਦਵਿੰਦਰ ਸਿੰਘ ਦੁਸਾਂਝ, ਸੀ.ਈ.ਓ., ਐਚ.ਜੈਡ.ਪੀ.ਸੀ. ਮਹਿੰਦਰਾ ਪ੍ਰਾਈਵੇਟ ਲਿਮਟਿਡ ਨੇ ਘੋਸ਼ਣਾ ਕੀਤੀ ਕਿ ਉਹ ਉਨ੍ਹਾਂ ਨਾਲ ਠੇਕਾ ਖੇਤੀ ਕਰਨ ਅਤੇ ਆਲੂਆਂ ਵਿੱਚ ਮਾਈਕਰੋ ਸਿੰਚਾਈ ਤਕਨੀਕਾਂ ਨੂੰ ਅਪਣਾਉਣ ਵਾਲੇ ਕਿਸਾਨਾਂ ਨੂੰ 50 ਫੀਸਦ ਹਿੱਸਾ ਦੇਵੇਗਾ। ਇਸ ਮੌਕੇ ਆਲੂਆਂ ਵਿੱਚ ਸਪ੍ਰਿੰਕਲਰ ਅਤੇ ਤੁਪਕਾ ਸਿੰਚਾਈ ਪ੍ਰਣਾਲੀ ਅਪਣਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।