- ਪਾਰਲੀਮੈਂਟ ਮੈਂਬਰ ਰਾਜਾ ਵੜਿੰਗ ਡਿਪਟੀ ਨੇ ਕਮਿਸ਼ਨਰ ਜਿਤੇਂਦਰ ਜੋਰਵਾਲ ਨਾਲ ਕੀਤੀ ਮੁਲਾਕਾਤ
ਲੁਧਿਆਣਾ, 28 ਸਤੰਬਰ 2024 : ਪੰਚਾਇਤੀ ਚੋਣਾਂ ਦੇ ਚਾਹਵਾਨ ਉਮੀਦਵਾਰਾਂ ਲਈ ਐਨਓਸੀ ਜਾਰੀ ਕਰਨ ਵਿੱਚ ਹੋ ਰਹੀ ਦੇਰੀ ਨੂੰ ਹੱਲ ਕਰਨ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਪਾਰਲੀਮੈਂਟ ਮੈਂਬਰ ਅਮਰਿੰਦਰ ਰਾਜਾ ਵੜਿੰਗ ਅੱਜ ਲੁਧਿਆਣਾ ਵਿੱਚ ਨਵ-ਨਿਯੁਕਤ ਡਿਪਟੀ ਕਮਿਸ਼ਨਰ ਜਿਤੇਂਦਰ ਜੋਰਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਦੇ ਕੁਝ ਅਫਸਰ ਧੱਕੇਸ਼ਾਹੀ ਕਰ ਰਹੇ ਹਨ, ਪਰ ਉਹਨਾਂ ਨੂੰ ਚਿਤਾਵਨੀ ਦਿੰਦਾ ਹਾਂ ਕਿ ਉਹ ਅਫਸਰ ਤਿਆਰ ਰਹਿਣ, ਕਿਉਂਕਿ ਦੋ ਸਾਲ ਬਾਅਦ ਕਾਂਗਰਸ ਦੀ ਸਰਕਾਰ 100 ਫੀਸਦੀ ਬਣਨ ਜਾ ਰਹੀ ਹੈ। ਫਿਰ ਇਹਨਾਂ ਸਾਰੇ ਅਫਸਰਾਂ ਨੂੰ ਆਪਣਾ ਸਮਾਂ ਯਾਦ ਕਰਵਾਇਆ ਜਾਵੇਗਾ। ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਕੁਝ ਕੁ ਅਫਸਰ ਹਨ ਜੋ ਖਰਾਬੀਆਂ ਕਰਦੇ ਹਨ, ਉਹਨਾਂ ਸਾਰਿਆਂ ਨੂੰ ਹੀ ਪੱਕੇ ਤੌਰ 'ਤੇ ਹੀ ਡਿਸਮਿਸ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਈ ਡਿਪਟੀ ਕਮਿਸ਼ਨਰ ਦਾ ਚਪੜਾਸੀ ਵਰਗਾ ਕੰਮ ਕਰ ਰਹੇ ਹਨ। ਪਰ ਉਹਨਾਂ ਕਿਹਾ ਕਿ ਲੁਧਿਆਣਾ ਦੇ ਡੀਸੀ ਨੇ ਸਾਨੂੰ ਭਰੋਸਾ ਦਿੱਤਾ ਹੈ ਉਹਨਾਂ ਨਾਲ ਗੱਲ ਕਰਕੇ ਸਾਨੂੰ ਕਾਫੀ ਤਸੱਲੀ ਹੋਈ ਹੈ। ਉਹਨਾਂ ਕਿਹਾ ਕਿ ਅਸੀਂ ਇੱਕ ਹੈਲਪਲਾਈਨ ਨੰਬਰ ਜਾਰੀ ਕਰਨ ਜਾ ਰਹੇ ਹਨ। ਸਿਰਫ ਕਾਂਗਰਸ ਦਾ ਹੀ ਨਹੀਂ ਕੋਈ ਵੀ ਪਾਰਟੀ ਦਾ ਉਮੀਦਵਾਰ ਉਸ 'ਤੇ ਆਪਣੀ ਸ਼ਿਕਾਇਤ ਕਰ ਸਕਦਾ ਹੈ ਉਹਨਾਂ ਕਿਹਾ ਕਿ ਅਸੀਂ ਹਾਈਕੋਰਟ ਤੱਕ ਉਸਨੂੰ ਅਫਸਰ ਨੂੰ ਲੈ ਕੇ ਜਾਵਾਂਗੇ ਅਤੇ ਉਸ 'ਤੇ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ। ਇਸ ਮੌਕੇ ਰਾਜਾ ਵੜਿੰਗ ਨੇ ਸਿੱਧਾ ਕਿਹਾ ਕਿ ਪਹਿਲਾਂ ਵੀ ਪੰਚਾਇਤੀ ਚੋਣਾਂ ਬਿਨਾਂ ਪਾਰਟੀ ਸਿੰਬਲ ਤੋਂ ਹੁੰਦੀਆਂ ਸਨ, ਪਰ ਇਸ ਵਾਰ ਕੈਬਨਿਟ 'ਚ ਇਹ ਪਾਸ ਕੀਤਾ ਗਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਪਤਾ ਸੀ ਕਿ ਜੇਕਰ ਸਾਡੇ 90 ਫੀਸਦੀ ਸਰਪੰਚ ਹਾਰ ਗਏ ਤਾਂ ਪੰਜਾਬ ਦੇ ਲੋਕਾਂ ਨੂੰ ਉਹ ਕੀ ਮੂੰਹ ਦਿਖਾਉਣਗੇ। ਦੂਜੇ ਪਾਸੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਾਰਟੀ ਦੋ ਅਸਤੀਫਾ ਦੇਣ ਸਬੰਧੀ ਉਹਨਾਂ ਕਿਹਾ ਕਿ ਕਾਂਗਰਸ ਦੇ ਵਿੱਚ ਵਾਪਸੀ ਤਾਂ ਹਾਈ ਕਮਾਂਡ ਦਾ ਫੈਸਲਾ ਹੈ। ਇਹ ਪਾਰਟੀ ਫੈਸਲਾ ਲਵੇਗੀ, ਪਰ ਉਹਨਾਂ ਕਿਹਾ ਕਿ ਸੁਨੀਲ ਜਾਖੜ ਅਕਸਰ ਹੀ ਪਾਰਟੀ ਨੂੰ ਉਦੋਂ ਛੱਡ ਜਾਂਦੇ ਹਨ, ਜਦੋਂ ਪਾਰਟੀ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੀ ਲੋੜ ਹੁੰਦੀ ਹੈ ਉਹਨਾਂ ਕਿਹਾ ਕਿ ਬਾਕੀ ਭਾਜਪਾ ਦੇ ਪ੍ਰਧਾਨਾਂ ਨੇ ਕਿਤੇ ਨਾ ਕਿਤੇ ਇੱਕ ਮੈਂਬਰ ਪਾਰਲੀਮੈਂਟ ਜਰੂਰ ਬਣਾਇਆ ਹੈ। ਉਹਨਾਂ ਕਿਹਾ ਕਿ ਜਾਖੜ ਸਾਬ੍ਹ ਹਰ ਪੱਖੋਂ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਮੈਂ ਤਾਂ ਕੱਲ ਵੀ ਟਵੀਟ ਕਰਕੇ ਇਹ ਪੁੱਛਿਆ ਹੈ ਕਿ ਹੁਣ ਉਹ ਕਿੱਧਰ ਜਾਣਗੇ। ਉਧਰ ਦੂਜੇ ਪਾਸੇ ਆਯੁਸ਼ਮਾਨ ਯੋਜਨਾ ਨੂੰ ਲੈ ਕੇ ਉਹਨਾਂ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਉਹਨਾਂ ਕਿਹਾ ਕਿ ਜਿਹੜੇ ਵੱਡੇ ਲੋਕ ਹਨ, ਉਹ ਤਾਂ ਆਪਣਾ ਇਲਾਜ ਵੱਡੇ ਹਸਪਤਾਲਾਂ ਵਿੱਚ ਕਰਵਾ ਲੈਂਦੇ ਹਨ। ਉਹਨਾਂ ਕਿਹਾ ਪਹਿਲਾਂ ਵੀ ਮੁਹੱਲਾ ਕਲੀਨਿਕ ਜਿਹੜੇ ਬਣਾਏ ਉਸ ਨੂੰ ਲੈ ਕੇ ਵੀ ਕੇਂਦਰ ਨੇ ਰੋਕ ਲਗਾ ਦਿੱਤੀ ਅਤੇ ਕਰੋੜਾਂ ਰੁਪਏ ਰੋਕ ਲਏ ਗਏ। ਉੱਥੇ ਹੀ ਸੀਐਮ ਭਗਵੰਤ ਮਾਨ ਦੀ ਤਬੀਅਤ ਨੂੰ ਲੈ ਕੇ ਉਹਨਾਂ ਕਿਹਾ ਕਿ ਮੈਂ ਇਹਨਾਂ ਹੀ ਕਹਿ ਸਕਦਾ ਹਾਂ ਕਿ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ, ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਕੈਪਟਨ ਸੰਦੀਪ ਸਿੰਘ ਸੰਧੂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।