ਬਨੂੜ, 15 ਸਤੰਬਰ 2024 : ਬਨੂੜ ਨੇੜਲੇ ਪਿੰਡ ਗੁਡਾਣਾ ਵਿਖੇ ਦੇਰ ਸ਼ਾਮ ਇਕੋ ਸਮੇਂ ਵਿਧਵਾ ਮਾਂ ਅਤੇ ਉਸ ਦੇ ਇਕਲੌਤੇ ਪੁੱਤਰ ਦੇ ਸਿਵੇ ਇਕੱਠੇ ਬਲ਼ੇ ਤਾਂ ਮੌਕੇ ’ਤੇ ਮੌਜੂਦ ਹਰ ਅੱਖ ਨਮ ਹੋ ਗਈ। ਦੋਵਾਂ ਦੀ ਮੌਤ ਬੀਤੇ ਦਿਨ ਹੋਈ ਸੀ, ਜਿਸ ਕਾਰਨ ਸਮੁੱਚੇ ਇਲਾਕੇ ’ਚ ਸੋਗ ਦੀ ਲਹਿਰ ਛਾਈ ਹੋਈ ਸੀ। ਦੋਵਾਂ ਦੀ ਮੌਤ ਦਾ ਕਾਰਨ ਮਾਨਸਿਕ ਪ੍ਰੇਸ਼ਾਨੀ ਦੱਸਿਆ ਜਾ ਰਿਹਾ ਹੈ। ਮ੍ਰਿਤਕ ਵਿਧਵਾ ਔਰਤ ਕੁਲਦੀਪ ਕੌਰ (65) ਪਤਨੀ ਸਵਰਗੀ ਮੰਗਤ ਸਿੰਘ ਦਾ ਮੋਹਾਲੀ ਦੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਹੋਇਆ ਤੇ ਉਸ ਦੇ ਇਕਲੌਤੇ ਪੁੱਤਰ ਮੇਜਰ ਸਿੰਘ (42) ਦਾ ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਮੈਡੀਕਲ ਹਸਪਤਾਲ ਤੋਂ ਪੋਸਟਮਾਰਟਮ ਹੋਇਆ। ਸਨੇਟਾ ਪੁਲਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਗੁਡਾਣਾ ਦੀ ਰਹਿਣ ਵਾਲੀ ਕੁਲਦੀਪ ਕੌਰ ਦੀ ਮੌਤ ਕੋਈ ਗ਼ਲਤ ਦਵਾਈ ਪੀਣ ਕਾਰਨ ਹੋਈ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਰਾਤ ਦਵਾਈ ਪੀਣ ਮਗਰੋਂ ਮਹਿਲਾ ਦੀ ਹਾਲਤ ਵਿਗੜ ਗਈ, ਜਿਸ ਨੂੰ ਪਰਿਵਾਰਕ ਮੈਂਬਰ ਸੋਹਾਣਾ ਹਸਪਤਾਲ ਲੈ ਗਏ, ਜਿੱਥੇ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਵਿਧਵਾ ਦੇ ਪੁੱਤਰ ਮੇਜਰ ਸਿੰਘ ਦੀ ਮੌਤ ਬਨੂੜ ਖੇਤਰ ’ਚ ਹੋਈ। ਥਾਣਾ ਬਨੂੜ ਦੇ ਏ.ਐੱਸ.ਆਈ. ਅਤੇ ਮਾਮਲੇ ਦੇ ਜਾਂਚ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਮੇਜਰ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਉਨ੍ਹਾਂ ਦੱਸਿਆ ਕਿ ਉਹ ਸੜਕ ਕਿਨਾਰੇ ਡਿੱਗਿਆ ਪਿਆ ਸੀ। ਉਨ੍ਹਾਂ ਦੱਸਿਆ ਕਿ 108 ਨੰਬਰ ਵਾਲੀ ਐਂਬੂਲੈਂਸ ਵਾਲਿਆਂ ਵੱਲੋਂ ਉਸ ਨੂੰ ਚੁੱਕ ਕੇ ਬਨੂੜ ਦੇ ਸਰਕਾਰੀ ਹਸਪਤਾਲ ’ਚ ਲਿਜਾਂਦਾ ਗਿਆ। ਹਸਪਤਾਲ ਵੱਲੋਂ ਉਸ ਦੀ ਖ਼ਰਾਬ ਹਾਲਤ ਨੂੰ ਵੇਖਦਿਆਂ ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਮੈਡੀਕਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ।