ਕਣਕ ਦੀ ਬਿਜਾਈ ਲਈ ਲੋੜ ਮੁਤਾਬਕ ਡੀ.ਏ.ਪੀ. ਖਾਦ ਉਪਲਬਧ - ਡਿਪਟੀ ਕਮਿਸਨਰ

  • ਜ਼ਿਲ੍ਹੇ ਵਿੱਚ ਕਰੀਬ 52 ਹਜਾਰ 324 ਹੈਕਟੇਅਰ ਰਕਬੇ ਵਿੱਚ ਕਣਕ,ਆਲੂ ਆਦਿ ਦੀ ਬਿਜਾਈ ਲਈ ਕਰੀਬ 7195 ਮੀਟ੍ਰਿਕ ਟਨ ਡੀ.ਏ.ਪੀ. ਦੀ ਮੰਗ ,6048 ਮੀਟ੍ਰਿਕ ਉਪਲਬਧ
  • ਕਿਸਾਨਾਂ ਨੂੰ ਡੀ.ਏ.ਪੀ. ਦੇ ਨਾਲ ਵਾਧੂ ਸਮਾਨ ਨਹੀਂ ਦੇ ਸਕਣਗੇ ਖਾਦਾਂ ਦੇ ਡੀਲਰ
  • ਕਿਹਾ, ਕਿਸਾਨ ਖੇਤੀਬਾੜੀ ਮਾਹਰਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ  ਦੀ ਸਲਾਹ ਮੁਤਾਬਕ ਹੀ ਵਰਤਣ ਖਾਦਾਂ

ਮਾਲੇਰਕੋਟਲਾ 30 ਅਕਤੂਬਰ 2024 : ਡਿਪਟੀ ਕਮਿਸ਼ਨਰ ਨੇ ਡਾ ਪੱਲਵੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾ ਰਿਹਾ ਹੈ ਕਿ ਕਣਕ ਦੀ ਬਿਜਾਈ ਲਈ ਲੋੜ ਮੁਤਾਬਕ ਡੀ.ਏ.ਪੀ. ਦੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੀਬ 52 ਹਜਾਰ 324 ਹੈਕਟੇਅਰ ਰਕਬੇ ਵਿੱਚ ਕਣਕ,ਆਲੂ ਆਦਿ ਦੀ ਬਿਜਾਈ ਕੀਤੀ ਜਾਂਦੀ ਹੈ, ਜਿਸ ਲਈ ਕਰੀਬ ਜ਼ਿਲ੍ਹੇ ਵਿੱਚ 7195 ਮੀਟ੍ਰਿਕ ਟਨ ਡੀ.ਏ.ਪੀ. ਦੀ ਮੰਗ ਹੈ ਤੇ ਹੁਣ ਤੱਕ ਜ਼ਿਲ੍ਹੇ ਵਿੱਚ 6048 ਮੀਟ੍ਰਿਕ ਟਨ ਡੀ.ਏ.ਪੀ. ਪੁੱਜ ਚੁੱਕਾ ਹੈ ਜੋ ਕਿ ਕੁਲ ਮੰਗ ਦਾ ਕਰੀਬ 84 ਫੀਸਦੀ ਬਣਦਾ ਹੈ। ਬਾਕੀ ਰਹਿੰਦੀ ਡੀ.ਏ.ਪੀ. ਖਾਦ ਦੀ ਜਲਦ ਸਪਲਾਈ ਵੀ ਪੁੱਜ ਜਾਵੇਗੀ ।ਉਨ੍ਹਾਂ ਦੱਸਿਆ ਕਿ ਕੁਲ ਮੰਗ ਦਾ 60 ਫੀਸਦੀ ਸਹਿਕਾਰੀ ਸਭਾਵਾਂ ਕੋਲ ਜਾਵੇਗਾ ਅਤੇ 40 ਫੀਸਦੀ ਪ੍ਰਾਈਵੇਟ ਡੀਲਰਾਂ ਨੂੰ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਖਾਦ ਏਜੰਸੀਆਂ ਦੇ ਮਾਲਕਾਂ / ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਡੀ.ਏ.ਪੀ. ਖਾਦ ਦੇ ਨਾਲ ਕੋਈ ਹੋਰ ਵਾਧੂ ਸਮਾਨ ਜਾਂ ਦਵਾਈਆਂ ਆਦਿ ਖਰੀਦਣ ਲਈ ਮਜਬੂਰ ਨਾ ਕੀਤਾ ਜਾਵੇ। ਜੇਕਰ ਕੋਈ ਵਿਕ੍ਰੇਤਾਵਾਂ ਵਾਧੂ ਸਮਾਨ ਜਾਂ ਦਵਾਈਆਂ ਖਰੀਦਣ ਲਈ ਮਜਬੂਰ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੀ.ਏ.ਪੀ. ਖਾਦ ਬਾਰੇ ਖੇਤੀਬਾੜੀ ਵਿਭਾਗ ਵਲੋਂ ਏ.ਡੀ.ਓ. ਇਨਫੋਰਸਮੈਂਟ, ਸ਼ਿਵਇੰਦਰ ਸਿੰਘ ਨੂੰ ਇੰਚਾਰਜ ਲਗਾਇਆ ਜ਼ਿਨ੍ਹਾ ਨੂੰ ਮੋਬਾਇਲ ਨੰ. 94649-91230 'ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ  ਵੀ ਅਪੀਲ ਕੀਤੀ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਹੋਰ ਖੇਤੀਬਾੜੀ ਮਾਹਰਾਂ ਦੀ ਸਲਾਹ ਮੁਤਾਬਕ ਹੀ ਡੀ.ਏ.ਪੀ. ਜਾਂ ਕਿਸੇ ਹੋਰ ਖਾਦ  ਦੀ ਵਰਤੋਂ ਕਰਨ ਤੋਂ ਗਰੇਜ ਕਰਨ ਤਾਂ ਜੋ ਖੇਤੀ ਲਾਗਤ ਨਾ ਵੱਧ ਸਕੇ ਅਤੇ ਖੇਤੀਬਾੜੀ ਕਿੱਤਾ ਲਾਹੇਵੰਦ ਬਣਿਆ ਰਹੇ