ਬਰਨਾਲਾ ਜ਼ਿਲ੍ਹੇ ਵਿੱਚ ਬਰਨਾਲਾ, ਮਹਿਲਕਲਾਂ, ਤਪਾ ਅਤੇ ਭਦੌੜ ਤਹਿਸੀਲ ਦਫ਼ਤਰਾਂ ਅੱਗੇ 11 ਵਜੇ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ : ਹਰਦਾਸਪੁਰਾ 

ਮਹਿਲ ਕਲਾਂ, 12 ਜਨਵਰੀ 2025 : ਐਸਕੇਐਮ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਵੱਲੋਂ ਪੂਰੇ ਭਾਰਤ ਵਿੱਚ ਤਹਿਸੀਲ ਪੱਧਰ 'ਤੇ ਵਿੱਚ ਮੋਦੀ ਸਰਕਾਰ ਵੱਲੋਂ ਰਾਜ ਸਰਕਾਰਾਂ ਨੂੰ ਭੇਜੇ ਗਏ 'ਕੌਮੀ ਖੇਤੀ ਮੰਡੀਕਰਨ ਨੀਤੀ ਖਰੜੇ' ਦੀਆਂ ਕਾਪੀਆਂ ਨੂੰ ਹੋਲੀ ਦਾਹਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਅਤੇ ਜ਼ਿਲ੍ਹਾ ਬਰਨਾਲਾ ਦੇ ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ  ਨੇ ਦੱਸਿਆ ਕਿ ਮੋਦੀ ਹਕੂਮਤ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ 11 ਮਹੀਨੇ ਤੋਂ ਚੱਲ ਰਹੇ ਸੰਘਰਸ਼ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਨਾ ਸਿਰਫ਼ ਮੋਦੀ ਹਕੂਮਤ ਮੰਗਾਂ ਦੀ ਅਣਗੌਲਿਆਂ ਹੀ ਕਰ ਰਹੀ ਹੈ ਸਗੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਰੱਖੇ ਮਰਨ ਵਰਤ ਦੇ 47 ਦਿਨ ਬੀਤ ਜਾਣ ਬਾਅਦ ਵੀ ਕਿਸਾਨੀ ਮੰਗਾਂ ਪ੍ਰਤੀ ਕੋਈ ਠੋਸ ਕਦਮ ਨਹੀਂ ਚੁੱਕ ਰਹੀ। ਇਸ ਗੱਲ ਤੋਂ ਕਿਸਾਨ ਵਿਰੋਧੀ ਰਵਈਆ ਸਪਸ਼ਟ ਨਜ਼ਰ ਆਉਂਦਾ ਹੈ ਕਿ ਮੋਦੀ ਹਕੂਮਤ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਲੱਗੀ ਹੋਈ ਹੈ। ਸੰਕਟ ਮੂੰਹ ਆਈ ਕਿਸਾਨੀ ਨੂੰ ਮੋਦੀ ਹਕੂਮਤ ਵੱਲੋਂ ਵਿਸ਼ਵ ਵਪਾਰ ਸੰਸਥਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਾਗੂ ਕੀਤੀਆਂ ਜਾ ਰਹੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਨੇ ਕਰਜੇ ਦੇ ਸੰਕਟ ਵਿੱਚ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ 9 ਦਸੰਬਰ 2021 ਨੂੰ ਮੋਦੀ ਹਕੂਮਤ ਵੱਲੋਂ ਐਸਕੇਐਮ ਦੀ ਅਗਵਾਈ ਵਿੱਚ ਚੱਲੇ ਇਤਿਹਾਸਿਕ ਕਿਸਾਨ ਘੋਲ ਸਮੇਂ ਲਿਖਤੀ ਰੂਪ ਵਿੱਚ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ। ਐਮਐਸਪੀ ਦਾ ਕਾਨੂੰਨ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਬਣਾਇਆ ਜਾਵੇ, ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕੀਤਾ ਜਾਵੇ। ਇਸ ਸਮੇਂ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਸਤਨਾਮ ਸਿੰਘ ਮੂੰਮ,ਸੱਤਪਾਲ ਸਿੰਘ ਸਹਿਜੜਾ, ਭਾਗ ਸਿੰਘ ਕੁਰੜ, ਸੁਖਦੇਵ ਸਿੰਘ ਕੁਰੜ, ਭਿੰਦਰ ਸਿੰਘ ਮੂੰਮ, ਜੱਗਾ ਸਿੰਘ ਮਹਿਲਕਲਾਂ, ਮਨਜੀਤ ਸਿੰਘ ਗੋਰਾ ਰਾਏਸਰ ਆਦਿ ਆਗੂਆਂ ਨੇ ਇਨ੍ਹਾਂ ਅਰਥੀ ਫੂਕ ਮੁਜ਼ਾਹਰਿਆਂ ਵਿੱਚ ਭਾਗ ਲੈਣ ਲਈ ਸਾਰੀਆਂ ਪਿੰਡ ਇਕਾਈਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਮੰਨਣਾ ਤਾਂ ਮੋਦੀ ਸਰਕਾਰ ਵੱਲੋਂ ਇੱਕ ਪਾਸੇ ਰਿਹਾ ਸਗੋਂ ਦੂਜਾ ਵਾਰ ਕਰਦਿਆਂ ਮੋਦੀ ਹਕੂਮਤ ਕੌਮੀ ਖੇਤੀਬਾੜੀ ਮੰਡੀਕਰਨ ਖਰੜਾ ਲੈ ਕੇ ਆ ਰਹੀ ਹੈ। ਹੁਣ ਕਿਸਾਨਾਂ ਦੀਆਂ ਜ਼ਮੀਨਾਂ ਅਧੀਗ੍ਰਿਹਣ ਕਾਨੂੰਨ ਵਿੱਚ ਸੋਧਾਂ ਕਰਕੇ ਉਸ ਨੂੰ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਅਨਸਾਰੀ ਢਾਲਿਆ ਜਾ ਰਿਹਾ ਹੈ। ਇਹ ਖੇਤੀ ਵਿਰੋਧੀ ਕਨੂੰਨਾਂ ਨੂੰ ਪਿਛਲੇ ਦਰਵਾਜ਼ਿਓਂ ਲਾਗੂ ਕਰਨ ਦੀ ਮੋਦੀ ਹਕੂਮਤ ਦੀ ਵੱਡੀ ਸਾਜਿਸ਼ ਹੈ। ਹਕੂਮਤ ਦੀ ਇਸ ਸਾਜ਼ਿਸ਼ ਨੂੰ ਕਦਾ ਚਿੱਤ ਵੀ ਪ੍ਰਵਾਨ ਨਹੀਂ ਕੀਤਾ ਜਾਵੇਗਾ ਅਤੇ ਸੰਘਰਸ਼ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਵੇਗਾ। ਐਸਕੇਐਮ ਵੱਲੋਂ 'ਕੌਮੀ ਖੇਤੀਬਾੜੀ  ਮੰਡੀਕਰਨ ਨੀਤੀ ਖਰੜੇ' ਦੀਆਂ ਕਾਪੀਆਂ 13 ਜਨਵਰੀ ਨੂੰ 11 ਵਜੇ ਸਮੁੱਚੇ ਪੰਜਾਬ ਦੀ ਤਰਜ਼ 'ਤੇ ਬਰਨਾਲਾ ਜ਼ਿਲ੍ਹੇ ਵਿੱਚ ਬਰਨਾਲਾ, ਮਹਿਲਕਲਾਂ, ਤਪਾ ਅਤੇ ਭਦੌੜ ਤਹਿਸੀਲ ਦਫ਼ਤਰਾਂ ਵਿਖੇ 11 ਵਜੇ ਸਾੜੀਆਂ ਜਾਣਗੀਆਂ। ਆਗੂਆਂ ਕਿਹਾ ਕਿ 26 ਜਨਵਰੀ ਨੂੰ ਪੂਰੇ ਭਾਰਤ ਦੇ ਕਿਸਾਨ ਟਰੈਕਟਰ ਪਰੇਡ ਦੌਰਾਨ ਆਪਣੇ ਟਰੈਕਟਰ ਸੜ੍ਹਕਾਂ ਤੇ ਖੜ੍ਹੇ ਕਰਨਗੇ।