- ਕਿਸਾਨਾਂ ਦੀ ਆਮਦਨ ਵਧਾਉਣ ਲਈ ਦੁੱਧ ਦੀ ਪ੍ਰੋਸੈਸਿੰਗ ਲਈ ਸਬਸਿਡੀ ਤੇ ਲੋਕਾਂ ਨੂੰ ਵਿਦੇਸ਼ੀ ਸੀਮਨ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ
- 400 ਦੇ ਲਗਭਗ ਵੈਟਰਨਰੀ ਡਾਕਟਰਾਂ ਦੀ ਭਰਤੀ ਜਲਦ
- ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਭਾਗ ਦਾ ਯੂ ਟਿਊਬ ਚੈਨਲ ਸ਼ੁਰੂ
- ਫਗਵਾੜਾ ਨੇੜੇ ਨਵੀਨੀਕਰਨ ਕੀਤੇ ਸਿਵਲ ਪਸ਼ੂ ਹਸਪਤਾਲ ਨੂੰ ਕੀਤਾ ਲੋਕ ਅਰਪਣ
ਫਗਵਾੜਾ, 7 ਜਨਵਰੀ 2025 : ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਪਸ਼ੂ ਧੰਨ ਦੀ ਪੰਜਾਬ ਦੀ ਅਰਥ ਵਿਵਸਥਾ ਵਿੱਚ ਯੋਗਦਾਨ ਵਧਾਉਣ ਦੀਆਂ ਅਸੀਮ ਸੰਭਾਵਨਾਵਾਂ ਹਨ ਜਿਸ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਵਿਆਪਕ ਯੋਜਨਾਬੰਦੀ ਕੀਤੀ ਗਈ ਹੈ। ਅੱਜ ਇੱਥੇ ਫਗਵਾੜਾ ਨੇੜੇ ਖਜੂਰਲਾ ਪਿੰਡ ਵਿਖੇ 1961 ਦੇ ਬਣੇ ਪਸ਼ੂ ਸਿਵਲ ਹਸਪਤਾਲ ਦੀ ਇਮਾਰਤ ਜਿਸਦਾ ਪਿੰਡ ਵਾਸੀਆਂ ਵੱਲੋਂ ਨਵੀਨੀਕਰਨ ਕੀਤਾ ਗਿਆ। ਸ. ਖੁੱਡੀਆਂ ਨੇ ਕਿਹਾ ਕਿ ਪਸ਼ੂ ਧੰਨ ਦਾ ਪੰਜਾਬ ਦੀ ਅਰਥ ਵਿਵਸਥਾ ਵਿੱਚ ਲਗਭਗ 13 ਫੀਸਦੀ ਯੋਗਦਾਨ ਹੈ ਜਿਸਨੂੰ 20 ਫੀਸਦੀ ਤੱਕ ਲਿਜਾਣ ਦਾ ਟੀਚਾ ਹੈ। ਸ. ਖੁੱਡੀਆਂ ਨੇ ਕਿਹਾ ਕਿ ਪਸ਼ੂ ਧੰਨ ਦੀ ਦੁੱਧ ਉਤਪਾਦਨ ਦੀ ਸਮਰੱਥਾ ਵਧਾਉਣ ਲਈ ਵਿਦੇਸ਼ੀ ਸੀਮਨ ਪਸ਼ੂ ਪਾਲਕਾਂ ਨੂੰ ਬਿਲਕੁਲ ਮੁਫਤ ਦੇਣ ਦੀ ਵਿਵਸਥਾ ਕੀਤੀ ਗਈ ਹੈ । ਇਸ ਤੋਂ ਇਲਾਵਾ ਕਿਸਾਨਾਂ ਦੀ ਆਮਦਨ ਵਧਾਉਣ ਲਈ ਦੁੱਧ ਦੇ ਪ੍ਰੋਸੈਸਿੰਗ ਪਲਾਂਟਾਂ ਦੀ ਸਥਾਪਨਾ ਲਈ ਸਬਸਿਡੀ ਵੀ ਦਿੱਤੀ ਜਾ ਰਹੀ ਹੈ ਜਿਸ ਨਾਲ ਦੁੱਧ ਤੋਂ ਬਣੇ ਵੱਧ ਤੋਂ ਵੱਧ ਪਦਾਰਥ ਬਣਾਕੇ ਬਾਜ਼ਾਰ ਵਿੱਚ ਮੁਕਾਬਲਾ ਕਰ ਸਕਦੇ ਹਨ। ਪਸ਼ੂ ਪਾਲਣ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਪਸ਼ੂ ਪਾਲਣ ਵਿਭਾਗ ਵਿੱਚ ਲਗਭਗ 400 ਵੈਟਰਨਰੀ ਡਾਕਟਰਾਂ ਦੀ ਭਰਤੀ ਜਲਦ ਕੀਤੀ ਜਾ ਰਹੀ ਹੈ , ਜਿਸ ਨਾਲ ਪੰਜਾਬ ਦੇ ਸਿਵਲ ਪਸ਼ੂ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਨਹੀਂ ਰਹੇਗੀ। ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਤੇ ਪਸ਼ੂ ਧੰਨ ਨੂੰ ਹੁੰਦੀਆਂ ਬਿਮਾਰੀਆਂ ਬਾਰੇ ਸਮੇਂ ਸਿਰ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਭਾਗ ਦਾ ਯੂ ਟਿਊਬ ਚੈਨਲ ਤੇ ਤੇ ਫੇਸਬੁੱਕ ਪੇਜ ਸ਼ੁਰੂ ਕੀਤਾ ਗਿਆ ਹੈ ਜਿਸ ਉੁੱਪਰ ਪਸ਼ੂ ਪਾਲਕਾਂ ਨੂੰ ਵੈਟਰਨਰੀ ਡਾਕਟਰ ਸਵੇਰੇ 11 ਵਜੇ ਤੋਂ 1 ਵਜੇ ਤੱਕ ਲਾਇਵ ਹੋ ਕੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਅ ਬਾਰੇ ਜਾਣੂੰ ਕਰਵਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ “ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਅਸੀਂ ਖੇਤੀ ਦੇ ਨਾਲ- ਨਾਲ ਪਸ਼ੂ ਧੰਨ ਤੇ ਹੋਰ ਸਹਾਇਕ ਧੰਦਿਆਂ ਨੂੰ ਅਪਣਾਉਣ ਜਿਸ ਨਾਲ ਨਾ ਸਿਰਫ ਖੇਤੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ ਸਗੋਂ ਕਿਸਾਨਾਂ ਦੀ ਆਮਦਨ ਵਿਚ ਵੀ ਚੋਖਾ ਵਾਧਾ ਹੋਵੇਗਾ। ਉਨ੍ਹਾਂ ਖਜੂਰਲਾ ਨਿਵਾਸੀਆਂ ਵੱਲੋਂ ਸਿਵਲ ਪਸ਼ੂ ਹਸਪਾਤਲ ਦੇ ਨਵੀਨੀਕਰਨ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਸਪਤਾਲ ਵਿਖੇ ਅਗਲੇ ਕੁਝ ਦਿਨਾਂ ਵਿਚ ਹੀ ਵੈਟਰਨਰੀ ਡਾਕਟਰਾਂ , ਸਹਾਇਕ ਅਮਲੇ ਦੀ ਤਾਇਨਾਤੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਇੱਕ ਟੁਕੜੀ ਵੱਲੋਂ ਕੈਬਨਿਟ ਮੰਤਰੀ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸ ਐਸ ਪੀ ਗੌਰਵ ਤੂਰਾ , ਡਾਇਰੈਕਟਰ ਪਸ਼ੂ ਪਾਲਣ ਡਾ. ਜੀ ਐਸ ਬੇਦੀ, ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ, ਐਸਡੀਐਮ ਜਸ਼ਨਜੀਤ ਸਿੰਘ, ਡਾ ਆਰ ਪੀ ਸਿੰਘ, ਸਰਪੰਚ ਪਿਆਰਾ ਸਿੰਘ ਤੇ ਹੋਰ ਹਾਜ਼ਰ ਸਨ ।