- ਪਟਿਆਲਾ ਜ਼ਿਲ੍ਹੇ ਵਿੱਚ 71 ਹੋਏ ਆਮ ਆਦਮੀ ਕਲੀਨਿਕ, ਹੁਣ ਤੱਕ 14 ਲੱਖ ਮਰੀਜਾਂ ਨੇ ਲਿਆ ਲਾਭ
ਪਟਿਆਲਾ 23 ਸਤੰਬਰ 2024 : ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਮਿਆਰੀ ਅਤੇ ਵਧੀਆ ਸਿਹਤ ਸੇਵਾਵਾਂ ਦੇਣ ਵਾਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਬਠਿੰਡਾ ਦੇ ਪਿੰਡ ਚਾਉਕੇ ਤੋਂ ਆਮ ਆਦਮੀ ਕਲੀਨਿਕਾਂ ਦੇ ਵਰਚੂਅਲ ਉਦਘਾਟਨ ਕਰਨ ਮੌਕੇ ਪਟਿਆਲਾ ਜ਼ਿਲ੍ਹੇ ਦੇ ਵੀ ਨਵੇਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਚਾਉਕੇ ਵਿਖੇ ਉਨ੍ਹਾਂ ਦੇ ਨਾਲ ਸਨ, ਤੇ ਉਨ੍ਹਾਂ ਨੇ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਲਈ ਸ਼ੁਰੂ ਕੀਤੇ ਗਏ 6 ਹੋਰ ਨਵੇਂ ਆਮ ਆਦਮੀ ਕਲੀਨਿਕਾਂ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਸਮੇਂ ਲਾਈਵ ਪ੍ਰੋਗਰਾਮ ਵਿੱਚ ਸਿਵਲ ਸਰਜਨ ਡਾ. ਜਤਿੰਦਰ ਕਾਂਸਲ, ਐਡਵੋਕੇਟ ਰਾਹੁਲ ਸੈਣੀ, ਬਲਵਿੰਦਰ ਸੈਣੀ ਅਤੇ ਐਸ.ਐਮ.ਓ. ਡਾ. ਗੁਰਪ੍ਰੀਤ ਸਿੰਘ ਨਾਗਰਾ ਦੀ ਮੌਜੂਦਗੀ ਵਿੱਚ ਪਿੰਡ ਚਲੈਲਾ ਵਿਖੇ ਪਤਵੰਤੇ ਬਜ਼ੁਰਗਾਂ ਨੇ ਆਮ ਆਦਮੀ ਕਲੀਨਿਕ ਦਾ ਰਿਬਨ ਕੱਟਕੇ ਉਦਘਾਟਨ ਕੀਤਾ। ਇਸੇ ਤਰ੍ਹਾਂ ਆਮ ਆਦਮੀ ਕਲੀਨਿਕ ਮੰਡੌਰ ਦਾ ਉਦਘਾਟਨ ਐਸ. ਐਮ. ਓ. ਡਾ. ਜ਼ਸਵਿੰਦਰ ਸਿੰਘ ਤੇ ਜੈ ਪ੍ਰਕਾਸ਼ ਨੇ ਕੀਤਾ। ਸਨੌਰ ਹਲਕੇ ਦੇ ਪਿੰਡ ਬਿੰਜਲ ਅਤੇ ਮੱਘਰ ਦਾ ਉਦਘਾਟਨ ਐਸ. ਐਮ. ਓ. ਡਾ. ਜੈਦੀਪ ਭਾਟੀਆ ਅਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਪਠਾਨਮਾਜਰਾ ਨੇ ਆਮ ਲੋਕਾਂ ਦੀ ਹਾਜਰੀ ਵਿੱਚ ਕੀਤਾ। ਸਮਾਣਾ ਹਲਕੇ ਦੇ ਪਿੰਡ ਕਾਦਰਾਬਾਦ ਵਿਖੇ ਐਸ.ਐਮ.ਓ. ਡਾ. ਲਵਕੇਸ਼ ਕੁਮਾਰ ਨੇ ਹਰਜਿੰਦਰ ਸਿੰਘ ਮਿੰਟੂ ਤੇ ਗੁਰਦੇਵ ਸਿੰਘ ਟਿਵਾਣਾ ਅਤੇ ਲੋਕਾਂ ਦੀ ਹਾਜ਼ਰੀ ਦੇ ਵਿੱਚ ਕੀਤਾ ਗਿਆ। ਐਸ. ਐਮ. ਓ. ਸ਼ੁਤਰਾਣਾ ਡਾ. ਸੰਦੀਪ ਕਾਂਧਰਾ ਨੇ ਸ਼ੁਤਰਾਣਾ ਹਲਕੇ ਦੇ ਪਿੰਡ ਕਰੀਮ ਨਗਰ ਚਿੱਚੜਵਾਲ ਆਮ ਆਦਮੀ ਕਲੀਨਿਕ ਦਾ ਉਦਘਾਟਨ ਗੁਰਮੀਤ ਸਿੰਘ ਦੀ ਹਾਜ਼ਰੀ ਵਿੱਚ ਕੀਤਾ ਗਿਆ। ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਖੋਲਣ ਦੇ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਸਿਹਤ ਸੁਵਿਧਾਵਾਂ ਉਹਨਾਂ ਦੇ ਘਰ ਦੇ ਲਾਗੇ ਹੀ ਮਿਲ ਜਾਣਗੀਆਂ ਅਤੇ ਉਹਨਾਂ ਨੂੰ ਦੂਰ ਦੁਰਾਡੇ ਆਪਣੇ ਟੈਸਟ ਕਰਵਾਉਣ ਤੇ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਨਹੀਂ ਜਾਣਾ ਪਏਗਾ। ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੇ ਕਾਬੂ ਪਾਇਆ ਜਾ ਸਕੇਗਾ ਅਤੇ ਬਿਮਾਰੀ ਹੋਣ ਦੀ ਦਰ ਵਿੱਚ ਕਮੀ ਆਵੇਗੀ। ਡਾ. ਜਤਿੰਦਰ ਕਾਂਸਲ ਨੇ ਇਹ ਵੀ ਦੱਸਿਆ ਕਿ ਨਵੇਂ ਆਮ ਆਦਮੀ ਕਲੀਨਿਕ ਖੁੱਲਣ ਨਾਲ ਪਟਿਆਲਾ ਵਿੱਚ ਪਹਿਲਾਂ ਤੋਂ ਹੀ ਚੱਲ ਰਹੇ 65 ਆਮ ਆਦਮੀ ਕਲੀਨਿਕਾਂ ਦੀ ਗਿਣਤੀ ਹੁਣ 71 ਹੋ ਗਈ ਹੈ, ਜਿਸ ਵਿੱਚ ਡਾਕਟਰ, ਫਾਰਮਾਸਿਸਟ ਅਤੇ ਕਲਿਨੀਕਲ ਅਸਿਸਟੈਂਟ ਮੁਢਲੀ ਜਾਂਚ ਕਰਨੇ ਨੇ ਤੇ 38 ਤਰ੍ਹਾਂ ਦੇ ਲੋੜੀਂਦੇ ਲੈਬ ਟੈਸਟ ਕਰਨਗੇ।ਉਹਨਾਂ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ ਇਹਨਾਂ ਆਮ ਆਦਮੀ ਕਲੀਨਿਕਾਂ ਵਿੱਚੋਂ 14 ਲੱਖ ਮਰੀਜ਼ ਲਾਭ ਲੈ ਚੁੱਕੇ ਹਨ।