ਲੁਧਿਆਣਾ,29 ਸਤੰਬਰ 2024 : ਸ਼ਹੀਦ ਭਗਤ ਸਿੰਘ ਦੇ 117ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੂਫੀਆਨਾ ਸ਼ਾਮ ਦਾ ਆਯੋਜਨ ਇਸ਼ਮੀਤ ਮਿਊਜ਼ਕ ਇੰਸਟੀਚਿਊਟ ਰਾਜਗੁਰੂ ਨਗਰ ਲੁਧਿਆਣਾ ਵਿਖੇ ਕਰਵਾਇਆ ਗਿਆ। ਸ਼ਹੀਦ ਭਗਤ ਸਿੰਘ ਦੇ ਚਿਤਰ ਨੂੰ ਕੈਲੇਫੋਰਨੀਆ)ਅਮਰੀਕਾ ਵੱਸਦੇ ਪੰਜਾਬੀ ਸੂਫ਼ੀ ਗਾਇਕ ਸੁਖਦੇਵ ਸਾਹਿਲ ਜਿੰਨ੍ਹਾਂ ਨੇ ਸੂਫ਼ੀ ਤੇ ਸੁਗਮ ਸੰਗੀਤ ਨੂੰ ਪਿਛਲੇ ਤੀਹ ਸਾਲ ਤੋਂ ਅਪਣਾਇਆ ਤੇ ਨਿਭਾਇਆ ਹੈ, ਉਨ੍ਹਾਂ ਸੂਛੀਆਨਾ ਸ਼ਾਮ ਪੇਸ਼ ਕਰਕੇ ਸਰੋਤਿਆਂ ਨੂੰ ਸੁਰਾਂ ਦੀ ਛਹਿਬਰ ਨਾਲ ਸਰਸ਼ਾਹ ਕੀਤਾ। ਇਸ਼ਮੀਤ ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਰਨ ਕਮਲ ਸਿੰਘ ਨੇ ਸਵਾਗਤੀ ਸ਼ਬਦਾਂ ਵਿੱਚ ਕਿਹਾ ਕਿ ਪਦਮ ਸ਼੍ਰੀ ਹੰਸ ਰਾਜ ਹੰਸ ਦੇ ਸ਼ਾਗਿਰਦ ਜਨਾਬ ਸੁਖਦੇਵ ਸਾਹਿਲ ਨੇ ਪੰਜਾਬ ਰਹਿੰਦਿਆਂ ਫਗਵਾੜਾ ਵਿਖੇ ਸੂਫ਼ੀ ਤੇ ਸੁਗਮ ਸੰਗੀਤ ਦੇ ਖੇਤਰ ਵਿੱਚ ਤਪੱਸਵੀਂ ਵਾਂਗ ਜੀਵਨ ਗੁਜ਼ਾਰਿਆ। ਹੁਣ ਅਮਰੀਕਾ ਵਿੱਚ ਵੀ ਉਹ ਲਗਾਤਾਰ ਇਸ ਮਿਸ਼ਨ ਨੂੰ ਲੈ ਰੇ ਅੱਗੇ ਵਧ ਰਹੇ ਹਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੁਖਦੇਵ ਸਾਹਿਲ ਨੇ ਹੁਣ ਤੀਕ ਉਰਦੂ ਤੇ ਪੰਜਾਬੀ ਸਾਹਿੱਤ ਦੀਆਂ ਚੰਗੀਆਂ ਸਾਹਿੱਤਕ ਵੰਨਗੀਆਂ ਨੂੰ ਰੀਕਾਰਡ ਕਰਕੇ ਸੁਖਦੇਵ ਸਾਹਿਲ ਜੀ ਨੇ ਆਪਣੇ ਸ਼ਾਗਿਰਦਾਂ ਨੂੰ ਵੀ ਇਸ ਮਾਰਗ ਤੇ ਤੋਰਿਆ ਹੈ। ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸੁਖਦੇਵ ਸਾਹਿਲ ਜੀ ਨੇ ਇਸ਼ਮੀਤ ਮਿਊਜ਼ਕ ਅਕਾਡਮੀ ਵਿਖੇ ਪਹੁੰਚ ਕੇ ਪੰਜਾਬੀ ਸਰੋਤਿਆਂ ਨੂੰ ਆਪਣੀ ਕਲਾ ਦਾ ਲੋਹਾ ਮੰਨਵਾਇਆ ਹੈ। ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਸੰਸਥਾਪਕ ਤੇ ਸ਼ਾਇਰ ਸਤੀਸ਼ ਗੁਲਾਟੀ ਨੇ ਕਿਹਾ ਕਿ ਅਸੀਂ ਸਮੂਹ ਪੰਜਾਬੀ ਇਸ ਮਹਾਨ ਕਲਾਕਾਰ ਦਾ ਸਨਮਾਨ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ। ਇਸ ਸਮਾਗਮ ਵਿੱਚ ਇਸ਼ਮੀਤ ਮਿਊਜ਼ਕ ਇੰਸਟੀਚਿਊਟ ਦੇ ਕਲਾਕਾਰਾਂ ਹਰਸ਼ੀਨ ਕੌਰ ਤੇ ਮਿਸ ਰਾਸ਼ੀ ਨੇ ਸੂਫ਼ੀ ਕਲਾਮ ਪੇਸ਼ ਕਰਤੱ ਕਮਾਲ ਕੀਤੀ। ਸਮਾਗਮ ਦੇ ਅੰਤ ਵਿੱਚ ਸਮੂਹ ਨਾਚ ਰਾਹੀਂ ਸੂਫ਼ੀ ਰੰਗ ਪੇਸ਼ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਤੂਰ ਸਾਬਕਾ ਕਮਿਸ਼ਨਰ ਪੁਲੀਸ ,ਡਾ. ਅਮਰਜੀਤ ਕੌਰ, ਵਰਿੰਦਰ ਸਿੰਘ ਨਿਰਮਾਣ, ਡਾ. ਕੇਵਲ ਅਰੋੜਾ, ਡਾ. ਗੁਰਇਕਬਾਲ ਸਿੰਘ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ, ਸੁਮਿਤ ਗੁਲਾਟੀ , ਬਲਕਾਰ ਸਿੰਘ, ਸ਼ਿਵ ਕੁਮਾਰ ਸੋਨੀ ਸਾਬਕਾ ਪ੍ਰਧਾਨ ਨਗਰ ਪਾਲਿਕਾ ਪਾਇਲ,ਸ਼ਿਵ ਕੁਮਾਰ ਕੌਸ਼ਲ ਸਮੇਤ ਸ਼ਹਿਰ ਦੀਆਂ ਸਿਰਕੱਢ ਕਲਾਪ੍ਰਸਤ ਹਸਤੀਆਂ ਹਾਜ਼ਰ ਸਨ। ਇਸ ਮੌਕੇ ਇਸ਼ਮੀਤ ਮਿਊਜ਼ਕ ਇੰਸਟੀਚਿਊਟ,ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਤੇ ਚੇਤਨਾ ਪ੍ਰਕਾਸ਼ਨ ਵੱਲੋਂ ਸੁਖਦੇਵ ਸਾਹਿਲ ਨੂੰ ਸਨਮਾਨ ਚਿੰਨ੍ਹ, ਦੋਸ਼ਾਲਾ ਤੇ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ।