
- ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਮਿਡ-ਡੇਅ ਮੀਲ ਦਾ ਜਾਂਚਿਆ ਮਿਆਰ
- ਰਾਸ਼ਨ ਡੀਪੂਆਂ ਦਾ ਵੀ ਲਿਆ ਜਾਇਜ਼ਾ
ਫ਼ਤਹਿਗੜ੍ਹ ਸਾਹਿਬ, 13 ਦਸੰਬਰ 2024 : ਪੰਜਾਬ ਫੂਡ ਕਮਿਸ਼ਨ ਦੀ ਮੈਂਬਰ ਸ਼੍ਰੀਮਤੀ ਪ੍ਰੀਤੀ ਚਾਵਲਾ ਨੇ ਸਰਕਾਰੀ ਹਾਈ ਸਕੂਲ, ਸਰਕਾਰੀ ਐਲੀਮੈਂਟਰੀ ਸਕੂਲ, ਰਾਸ਼ਨ ਡੀਪੂ, ਆਂਗਨਵਾੜੀ ਸੈਂਟਰ ਖਨਿਆਣ, ਬਲਾਕ ਅਮਲੋਹ, ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਐਲੀਮੈਂਟਰੀ ਸਕੂਲ, ਆਂਗਨਵਾੜੀ ਸੈਂਟਰ, ਮਾਜਰੀ ਕਿਸ਼ਨੇ ਵਾਲੀ ਬਲਾਕ ਮੰਡੀ ਗੋਬਿੰਦਗੜ੍ਹ, ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲ, ਸਲਾਣੀ ਵਿਖੇ ਵਿਦਿਆਰਥੀਆਂ ਲਈ ਮਿਡ-ਡੇਅ ਮੀਲ ਅਤੇ ਆਂਗਨਵਾੜੀ ਕੇਂਦਰਾਂ ਤੇ ਗਰਭਵਤੀ ਔਰਤਾਂ ਤੇ ਛੋਟੇ ਬੱਚਿਆਂ ਨੂੰ ਸਿਹਤਮੰਦ ਬਣਾਉਣ ਲਈ ਦਿੱਤੀ ਜਾ ਰਹੀ ਖਾਣ ਪੀਣ ਦੀ ਸਮੱਗਰੀ ਦਾ ਜਾਇਜ਼ਾ ਲਿਆ। ਰਾਸ਼ਨ ਡੀਪੂ ਵਿਖੇ ਉਹਨਾਂ ਨੇ ਦਿੱਤੇ ਜਾਂਦੇ ਰਾਸ਼ਨ ਦੇ ਮਿਆਰ ਦੀ ਜਾਂਚ ਕੀਤੀ ਅਤੇ ਲਾਭਪਾਤਰੀਆਂ ਦੀਆਂ ਸੂਚੀਆਂ ਵੀ ਦੇਖੀਆਂ। ਸ਼੍ਰੀਮਤੀ ਚਾਵਲਾ ਨੇ ਜ਼ਿਲ੍ਹੇ ਵਿੱਚ ਦਿੱਤੀ ਜਾ ਰਹੀ ਖਾਣ ਪੀਣ ਦੀ ਸਮੱਗਰੀ ਦੇ ਮਿਆਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਫੂਡ ਕਮਿਸ਼ਨ ਦੇ ਮੈਂਬਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮਿਲ-ਡੇਅ ਮੀਲ ਸਕੀਮ ਤਹਿਤ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਖਾਣ ਪੀਣ ਦੇ ਸਮਾਨ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਗਰਭਵਤੀ ਔਰਤਾਂ ਤੇ ਛੋਟੇ ਬੱਚਿਆਂ ਨੂੰ ਦਿੱਤੀ ਜਾਣ ਵਾਲੇ ਖੁਰਾਕੀ ਵਸਤਾਂ ਦੀ ਚੈਕਿੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹਨ ਕਿ ਉਨ੍ਹਾਂ ਨੂੰ ਸ਼ਹੀਦਾਂ ਦੀ ਧਰਤੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਦੀ ਚੈਕਿੰਗ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸ਼੍ਰੀਮਤੀ ਚਾਵਲਾ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਛੋਟੇ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਸਿਹਤਮੰਦ ਰੱਖਣ ਲਈ ਸਰਕਾਰ ਵੱਲੋਂ ਦਿੱਤੇ ਜਾ ਰਹੇ ਖਾਣ ਪੀਣ ਦੇ ਸਮਾਨ ਦੇ ਮਿਆਰ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ। ਚੰਗੀ ਸਿਹਤ ਹਰੇਕ ਨਾਗਰਿਕ ਦਾ ਮੁਢਲਾ ਹੱਕ ਹੈ। ਜੇਕਰ ਸਾਡੇ ਬੱਚੇ ਸਿਹਤਮੰਦ ਹੋਣਗੇ ਤਾਂ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਅਤੇ ਸਰਕਾਰ ਵੱਲੋਂ ਇਸ ਮੰਤਵ ਦੀ ਪੂਰਤੀ ਲਈ ਮਿਡ-ਡੇਅ ਮੀਲ ਸਕੀਮ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾ ਰਿਹਾ ਹੈ। ਸ਼੍ਰੀਮਤੀ ਚਾਵਲਾ ਨੇ ਸਕੂਲਾਂ ਵਿੱਚ ਤਿਆਰ ਮਿਡ-ਡੇਅ ਮੀਲ ਦਾ ਜਾਇਜ਼ਾ ਲਿਆ ਤੇ ਇਸ ਸਬੰਧੀ ਤਸੱਲੀ ਪ੍ਰਗਟਾਈ। ਉਹਨਾਂ ਨੇ ਕਈ ਸਕੂਲਾਂ ਦੇ ਬੁਨਿਆਦੀ ਢਾਂਚੇ ਸਬੰਧੀ ਦਿੱਕਤਾਂ ਦੂਰ ਕਰਨ ਲਈ ਵੀ ਕਿਹਾ। ਇਸ ਮੌਕੇ ਉਹਨਾਂ ਨੇ ਹਦਾਇਤ ਕੀਤੀ ਕਿ ਮਿਡ-ਮੀਲ ਤਿਆਰ ਕਰਨ ਵਾਲਾ ਅਮਲਾ ਸਾਫ ਸਫਾਈ ਦਾ ਹਮੇਸ਼ਾ ਉਚੇਚਾ ਧਿਆਨ ਰੱਖੇ ਤੇ ਇਸ ਸਬੰਧੀ ਸਾਰੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਦੀਦਾਰ ਸਿੰਘ ਮਾਂਗਟ, ਏ.ਐੱਫ.ਐੱਸ. ਓ. ਜਸਪਾਲ ਕੌਰ, ਬੀ.ਪੀ.ਈ.ਓ. ਅੱਛਰਪਲ ਸ਼ਰਮਾ, ਇੰਚਾਰਜ ਅਧਿਆਪਕ ਨੀਰਜ ਸ਼ਰਮਾ, ਪ੍ਰਵੀਨ ਸ਼ਾਹੀ, ਸਤਬੀਰ ਸਿੰਘ, ਫੂਡ ਇੰਸਪੈਕਟਰ ਸੰਦੀਪ ਵਸ਼ਿਸ਼ਟ, ਇੰਸਪੈਕਟਰ ਪੰਕਜ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।